ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਮਾਮੂਲੀ ਤਕਰਾਰ ਤੋਂ ਬਾਅਦ 23 ਸਾਲਾ ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਕਿ ਉਸ ਦੇ ਦੋਸਤ ਨੂੰ ਲੋਹੇ ਦੀਆਂ ਰਾਡਾਂ ਨਾਲ ਕੁੱਟ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਗੰਭੀਰ ਹਾਲਤ ਚ ਫੁੱਟਬਾਲ ਖਿਡਾਰੀ ਦਾ ਦੋਸਤ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਗੁਰਾਇਆ ਦੇ ਪੋਸਟਖਾਨਾ ਰੋਡ ਦਾ ਰਹਿਣ ਵਾਲਾ ਕਰਨਦੀਪ ਮੁਹੰਮਦ ਉਰਫ ਕਰਨ ਪੁੱਤਰ ਬੂਟਾ ਮੁਹੰਮਦ ਆਪਣੇ ਦੋਸਤ ਰਜਤ ਨਾਲ ਗੁਰਾਇਆ ਦੇ ਮੁਹੱਲਾ ਮੰਗਾ ਗਿਆ ਹੋਇਆ ਸੀ। ਉਥੇ ਉੱਥੋਂ ਦੇ ਹੀ ਰਹਿਣ ਵਾਲੇ ਵਰਿੰਦਰਾ ਪੁੱਤਰ ਮੰਗਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਵਰਿੰਦਰ ਨੇ ਆਪਣੇ ਪਿਤਾ ਮੰਗਾ ਅਤੇ ਭਰਾ ਗੁਰਪ੍ਰੀਤ ਗੋਪੀ ਨੂੰ ਵੀ ਆਪਣੇ ਘਰ ਬੁਲਾ ਲਿਆ। ਪਿਓ ਤੇ ਪੁੱਤ ਘਰੋਂ ਤੇਜ਼ਧਾਰ ਹਥਿਆਰਾਂ ਸਮੇਤ ਲੋਹੇ ਦੀਆਂ ਰਾਡਾਂ ਲੈ ਕੇ ਆਏ। ਇਸ ਤੋਂ ਬਾਅਦ ਤਿੰਨਾਂ ਨੇ ਕਰਨ ਅਤੇ ਉਸ ਦੇ ਦੋਸਤ ਰਜਤ ਉਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਤਿੰਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਰਨ ਮੁਹੰਮਦ ਦੀ ਬੁਰੀ ਤਰ੍ਹਾਂ ਵੱਢ ਟੁੱਕ ਕਰ ਦਿੱਤੀ। ਜਦ ਕਿ ਉਸ ਦੇ ਦੋਸਤ ਨੂੰ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਕੱਟਿਆ ਗਿਆ।
ਦੋਵਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਜਦੋਂ ਦੋਵਾਂ ਜ਼ਖਮੀਆਂ ਨੂੰ ਉਥੇ ਦੇਖਿਆ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਪਹੁੰਚਾਇਆ ਗਿਆ। ਸਰਕਾਰੀ ਹਸਪਤਾਲ ਵਿਚ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਰਜਤ ਨੂੰ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ। ਜਦਕਿ ਫੁੱਟਬਾਲ ਖਿਡਾਰੀ ਕਰਨ ਮੁਹੰਮਦ ਨੂੰ ਵੀ ਫਗਵਾੜਾ ਤੋਂ ਰੈਫਰ ਕਰ ਕੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ। ਜਿੱਥੇ ਕਰਨ ਦੀ ਮੌਤ ਹੋ ਗਈ। ਹਸਪਤਾਲ ਵਿਚ ਰਜਤ ਦੀ ਹਾਲਤ ਵੀ ਚਿੰਤਾਜਨਕ (ਗੰਭੀਰ) ਬਣੀ ਹੋਈ ਹੈ।
ਪਰਿਵਾਰ ਨੇ ਕਿਹਾ ਕਿ ਕਾਤਲਾਂ ਦੇ ਫੜੇ ਜਾਣ ਤੱਕ ਸਪੁਰਦ ਏ ਖਾਕ ਨਹੀਂ ਕਰਨਗੇ
ਇਸ ਦੌਰਾਨ 23 ਸਾਲਾ ਫੁੱਟਬਾਲ ਖਿਡਾਰੀ ਕਰਨਦੀਪ ਉਰਫ ਕਰਨ ਮੁਹੰਮਦ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਸਪੁਰਦ ਏ ਖਾਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਉਦੋਂ ਤੱਕ ਉਹ ਕਰਨ ਦੀ ਲਾਸ਼ ਨੂੰ ਸਪੁਰਦ ਏ ਖਾਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗੁੰਡਾਗਰਦੀ ਦਾ ਮਾਹੌਲ ਹੈ ਅਤੇ ਲੋਕਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ। ਮ੍ਰਿਤਕ ਕਰਨ ਮੁਹੰਮਦ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।