ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਨੇੜੇ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨਾਲ ਭਰੀ ਬੱਸ ਪਲਟ ਜਾਣ ਕਾਰਨ ਬੱਸ ਵਿੱਚ ਸਵਾਰ ਇੱਕ ਲੜਕੀ ਦੀ ਮੌਤ ਹੋ ਗਈ ਹੈ। ਜਦੋਂ ਕਿ ਬੱਸ ਵਿੱਚ ਸਵਾਰ 14 ਤੋਂ 15 ਹੋਰ ਵਿਦਿਆਰਥੀ ਵਾਲ-ਵਾਲ ਬਚ ਗਏ ਹਨ। ਉਨ੍ਹਾਂ ਨੂੰ ਰਾਹਗੀਰਾਂ ਨੇ ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ। ਆਪਣੀ ਜਾਨ ਗੁਆਉਣ ਵਾਲੀ ਲੜਕੀ ਦੀ ਪਛਾਣ ਜਸਨੂਰ ਕੌਰ ਉਮਰ 7 ਸਾਲ ਪੁੱਤਰੀ ਇਕਬਾਲ ਸਿੰਘ ਵਾਸੀ ਹੁੱਕੜਾਂ ਦੇ ਰੂਪ ਵਜੋਂ ਹੋਈ ਹੈ।
ਮ੍ਰਿਤਕ ਲੜਕੀ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ। ਹਾਦਸੇ ਵਿਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਜਸਨੂਰ ਨੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚੇ ਛੁੱਟੀ ਹੋਣ ਤੋਂ ਬਾਅਦ ਬੱਸ ਵਿਚ ਸਵਾਰ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਿੱਲੀ ਇੰਟਰਨੈਸ਼ਨਲ ਸਕੂਲ ਪਿੰਡ ਜੀਆਨ ਨੇੜੇ ਚੱਬੇਵਾਲ ਦੀ ਸਕੂਲੀ ਬੱਸ ਨੂੰ ਡਰਾਈਵਰ ਅਮਨਦੀਪ ਸਿੰਘ ਵਾਸੀ ਠੀਕਰੋਵਾਲ ਚਲਾ ਰਿਹਾ ਸੀ। ਸਕੂਲ ਦੀ ਛੁੱਟੀ ਤੋਂ ਬਾਅਦ ਜਦੋਂ ਬੱਸ ਵਿਦਿਆਰਥੀਆਂ ਨੂੰ ਵਾਪਸ ਛੱਡਣ ਲਈ ਲੈ ਕੇ ਜਾ ਰਹੀ ਸੀ ਤਾਂ ਇਸ ਦੌਰਾਨ ਜਦੋਂ ਬੱਸ ਪਿੰਡ ਸੀਨਾ ਦੇ ਨੇੜੇ ਪਹੁੰਚੀ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੇਕਾਬੂ ਹੋ ਕੇ ਪਲਟ ਗਈ।
ਜਦੋਂ ਇਹ ਬੱਸ ਪਲਟੀ ਤਾਂ ਇਸ ਵਿੱਚ 14 ਤੋਂ 15 ਵਿਦਿਆਰਥੀ ਸਵਾਰ ਸਨ। ਰਾਹਗੀਰਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਗੰਭੀਰ ਜ਼ਖ਼ਮੀ ਜਸਨੂਰ ਨੂੰ ਤੁਰੰਤ ਇਲਾਜ ਦੇ ਲਈ ਇਕ ਨਿੱਜੀ ਹਸਪਤਾਲ ਪਹੁੰਚਾਇਆ। ਪਰ ਹਸਪਤਾਲ ਵਿੱਚ ਇਲਾਜ ਦੌਰਾਨ ਜਸਨੂਰ ਦੀ ਮੌਤ ਹੋ ਗਈ। ਜਸਨੂਰ ਦੀ ਮੌਤ ਕਾਰਨ ਪੂਰੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਬੱਸ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।