ਇਹ ਖ਼ਬਰ ਪੰਜਾਬ ਦੇ ਤਰਨਤਾਰਨ ਤੋਂ ਸਾਹਮਣੇ ਆਈ ਹੈ। ਇਥੇ ਇਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਫੋਕਲ ਪੁਆਇੰਟ ਤੇ ਆਈਲੈਟਸ ਸੈਂਟਰ ਦੇ ਬਾਹਰ ਦੋ ਨੌਜਵਾਨਾਂ ਨੇ ਕਾਰ ਉਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਕਾਰ ਵਿਚ ਬੈਠੇ 3 ਨੌਜਵਾਨਾਂ ਚੋਂ 2 ਗੰਭੀਰ ਜ਼ਖਮੀ ਹੋ ਗਏ ਹਨ। ਘਟਨਾ ਵਾਲੀ ਥਾਂ ਤੋਂ ਤਕਰੀਬਨ 200 ਮੀਟਰ ਦੀ ਦੂਰੀ ਤੇ ਪੁਲਿਸ ਚੌਕੀ ਵੀ ਹੈ।
ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਗੋਲਾ ਦਾ ਰਹਿਣ ਵਾਲਾ ਭਗਵੰਤ ਸਿੰਘ ਆਪਣੀ ਕਾਰ ਵਿਚ ਮੁਗਲਚੱਕ ਪੰਨੂਆ ਵਾਸੀ ਜੁਗਰਾਜ ਅਤੇ ਇਕ ਹੋਰ ਦੋਸਤ ਨਾਲ ਫੋਕਲ ਪੁਆਇੰਟ ਤੇ ਸਥਿਤ ਆਈਲੈਟਸ ਸੈਂਟਰ ਪਹੁੰਚਿਆ ਸੀ। ਉਹ ਨੇੜੇ ਹੀ ਰੈਸਟੋਰੈਂਟ ਦੇ ਬਾਹਰ ਕਾਰ ਵਿੱਚ ਬੈਠਾ ਸੀ। ਉਦੋਂ ਦੋ ਨੌਜਵਾਨ ਮੋਟਰਸਾਈਕਲ ਤੇ ਉਸ ਦੀ ਕਾਰ ਦੇ ਨੇੜੇ ਆਏ ਅਤੇ ਉਨ੍ਹਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਸ਼ੀਆਂ ਨੇ ਕਰੀਬ 6 ਰਾਊਂਡ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਹੁਣ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ ਹੈ।
ਕਾਰ ਦੀ ਟੱਕਰ ਤੋਂ ਬਾਅਦ ਹੋਇਆ ਟਕਰਾਅ
ਇਸ ਸਬੰਧੀ ਜ਼ਖਮੀ ਭਗਵੰਤ ਸਿੰਘ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਉਨ੍ਹਾਂ ਦੀ ਕਾਰ ਦੋਸ਼ੀ ਦੀ ਕਾਰ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਦੋਹਾਂ ਵਿਚਕਾਰ ਝਗੜਾ ਹੋਇਆ ਪਰ ਬਾਅਦ ਵਿਚ ਰਾਜੀਨਾਮ ਹੋ ਗਿਆ ਅਤੇ ਮਾਮਲਾ ਸ਼ਾਂਤ ਹੋ ਗਿਆ। ਹਮਲਾਵਰਾਂ ਵਿੱਚੋਂ ਇੱਕ ਨੌਜਵਾਨ ਨੂਰਦੀ ਦਾ ਰਹਿਣ ਵਾਲਾ ਹੈ ਅਤੇ ਦੂਜਾ ਪਿੰਡ ਸ਼ੇਰੋ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਸੀਸੀਟੀਵੀ ਦੀ ਜਾਂਚ ਸ਼ੁਰੂ ਕੀਤੀ
ਇਸ ਘਟਨਾ ਤੋਂ ਬਾਅਦ ਪਹੁੰਚੇ ਡੀਐਸਪੀ ਸਿਟੀ ਜਸਪਾਲ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਮੌਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਚੈੱਕ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।