ਪੰਜਾਬ ਵਿਚ ਜਿਲ੍ਹਾ ਫਰੀਦਕੋਟ ਸ਼ਹਿਰ ਦੇ ਨੇੜੇ ਹਰਿੰਦਰ ਨਗਰ ਇਲਾਕੇ ਵਿਚ ਦਿਨ-ਦਿਹਾੜੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੁਪਹਿਰ ਦੇ ਸਮੇਂ ਤਕਰੀਬਨ 1.45 ਵਜੇ ਮੂੰਹ ਤੇ ਕੱਪੜਾ ਬੰਨ੍ਹ ਕੇ ਮੋਟਰਸਾਈਕਲ ਤੇ ਆਏ ਲੁਟੇਰਿਆਂ ਨੇ ਘਰ ਦੀ ਔਰਤ ਨੂੰ ਬੰਧਕ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਿੰਨੇ ਲੁਟੇਰੇ ਘਰ ਵਿੱਚ ਪਈ 15-16 ਲੱਖ ਰੁਪਏ ਦੀ ਨਗਦੀ ਅਤੇ ਕਰੀਬ 20 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ ਹਨ। ਡੀ.ਐਸ.ਪੀ ਜਸਮੀਤ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਇੰਟਰਨੈੱਟ ਦੀ ਸਮੱਸਿਆ ਠੀਕ ਕਰਨ ਦੇ ਬਹਾਨੇ ਘਰ ਚ ਦਾਖਲ ਹੋਏ
ਲੁਟੇਰਿਆਂ ਨੇ ਘਰ ਦੀ ਮਹਿਲਾ ਅਤੇ ਨੌਕਰਾਣੀ ਨੂੰ ਕਮਰੇ ਵਿਚ ਬੰਦ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਕਾਫੀ ਦੇਰ ਤੱਕ ਘਰ ਦੇ ਅੰਦਰ ਹੀ ਰਹੇ। ਉਨ੍ਹਾਂ ਦੇ ਆਉਣ-ਜਾਣ ਦੀ ਫੁਟੇਜ ਗਲੀ ਵਿਚ ਥੋੜ੍ਹੀ ਦੂਰ ਸਥਿਤ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇਸ ਸਬੰਧੀ ਔਰਤ ਅਤੇ ਉਸ ਦੇ ਪਤੀ ਲਵਲੀ ਜੈਨ ਨੇ ਦੱਸਿਆ ਕਿ ਦਿਨ ਦੇ ਕਰੀਬ ਡੇਢ ਵਜੇ ਕਿਸੇ ਨੇ ਘਰ ਦੇ ਬਾਹਰ ਘੰਟੀ ਵਜਾਈ। ਜਦੋਂ ਨੌਕਰਾਣੀ ਨੇ ਪੁੱਛਿਆ ਤਾਂ ਉਨ੍ਹਾਂ ਨੇ ਨੈੱਟ ਠੀਕ ਕਰਨ ਦੀ ਗੱਲ ਕਹੀ। ਗੇਟ ਖੁੱਲ੍ਹਦੇ ਹੀ ਉਹ ਧੱਕਾ ਦੇ ਕੇ ਅੰਦਰ ਵੜ ਗਏ। ਲੁਟੇਰਿਆਂ ਨੇ ਔਰਤ ਨੂੰ ਪਿਸਤੌਲ ਦਿਖਾ ਕੇ ਘਰ ਦੀ ਅਲਮਾਰੀ ਦੀ ਚਾਬੀ ਮੰਗੀ। ਇਨਕਾਰ ਕਰਨ ਤੇ ਉਸ ਨੂੰ ਕੱਪੜੇ ਨਾਲ ਬੰਨ੍ਹ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹ ਨੌਕਰਾਣੀ ਨੂੰ ਦੂਜੇ ਕਮਰੇ ਵਿੱਚ ਲੈ ਗਏ।
ਉਨ੍ਹਾਂ ਨੇ ਉਸ ਤੋਂ ਚਾਬੀ ਵੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਦੂਜੇ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ ਕਿਰਚ ਦਿਖਾ ਕੇ ਮਾਰਨਾ ਸ਼ੁਰੂ ਕਰ ਦਿੱਤਾ। ਡਰ ਕੇ ਕੇ ਉਸ ਨੇ ਅਲਮਾਰੀ ਦੀਆਂ ਚਾਬੀਆਂ ਦੱਸੀਆਂ ਤਾਂ ਲੁਟੇਰੇ ਅਲਮਾਰੀ ਵਿੱਚ ਪਏ ਕਰੀਬ 15-16 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੈ ਗਏ। ਜਾਂਦੇ-ਜਾਂਦੇ ਉਨ੍ਹਾਂ ਨੇ ਉਸ ਦੇ ਪਹਿਨੇ ਹੋਏ ਗਹਿਣੇ ਵੀ ਲੁਹਾ ਲਏ।
CCTV ਕੈਮਰੇ ਵਿਚ ਕੈਦ ਹੋਏ ਆਉਂਦੇ ਅਤੇ ਭੱਜਦੇ ਲੁਟੇਰੇ
ਪੁਲਿਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਟਰਸਾਈਕਲ ਤੇ ਆਉਂਦੇ-ਜਾਂਦੇ ਲੁਟੇਰੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਹਨ। ਆਉਂਦੇ ਸਮੇਂ ਤਿੰਨਾਂ ਨੇ ਆਪਣੇ ਮੂੰਹ ਰੁਮਾਲ ਜਾਂ ਕਿਸੇ ਕੱਪੜੇ ਨਾਲ ਢੱਕ ਹੋਏ ਸਨ। ਜਾਂਦੇ ਸਮੇਂ ਸਭ ਤੋਂ ਪਿੱਛੇ ਬੈਠੇ ਲੁਟੇਰੇ ਨੇ ਆਪਣੀ ਪਿੱਠ ਤੇ ਵੱਡਾ ਬੈਗ ਚੁੱਕਿਆ ਹੋਇਆ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।