ਪੰਜਾਬ ਵਿਚ ਜਲੰਧਰ ਨਗਰ ਕੌਂਸਲ ਦੇ ਵਿੱਚ ਲੰਮੇ ਸਮੇਂ ਤੋਂ ਕੌਂਸਲਰ ਰਹੇ ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਮਿੰਟੂ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਮੱਥਾ ਟੇਕਣ ਗਈ ਸੀ। ਵਾਪਸੀ ਵੇਲੇ ਮੁਕੇਰੀਆਂ ਦੇ ਨੇੜੇ ਉਨ੍ਹਾਂ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦੀ ਇੱਕ ਧੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਕਿ ਦੂਜੀ ਧੀ ਦੀ ਲੱਤ ਟੁੱਟ ਗਈ ਹੈ।
ਕਾਰ ਦੋ ਵਾਹਨਾਂ ਵਿਚਕਾਰ ਫਸੀ
ਇਹ ਹਾਦਸਾ ਪਠਾਨਕੋਟ ਤੋਂ ਜਲੰਧਰ ਹਾਈਵੇਅ ਤੇ ਦੇਰ ਰਾਤ ਨੂੰ ਵਾਪਰਿਆ। ਚਸ਼ਮਦੀਦਾਂ ਦੇ ਦੱਸਣ ਅਨੁਸਾਰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਫਾਰਚੂਨਰ ਗੱਡੀ ਬੇਕਾਬੂ ਹੋ ਗਈ ਜੋ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ। ਪਿੱਛੇ ਤੋਂ ਆ ਰਹੇ ਟਰੱਕ ਨੇ ਮੁੜ ਟੱਕਰ ਮਾਰ ਦਿੱਤੀ ਤਾਂ ਕਾਰ ਦੋ ਵਾਹਨਾਂ ਵਿਚਕਾਰ ਫਸ ਗਈ। ਮਿੰਟੂ ਦੀ ਪਤਨੀ ਅਤੇ ਬੇਟੀਆਂ ਪਿਛਲੀ ਸੀਟ ਤੇ ਬੈਠੀਆਂ ਸਨ।
ਕਾਰ ਵਿਚ ਸਵਾਰ ਸੀ ਕਈ ਮੈਂਬਰ
ਸਾਬਕਾ ਕੌਂਸਲਰ ਮਿੰਟੂ ਦੀ ਪਤਨੀ ਆਪਣੇ ਬੇਟੇ ਸੁਮਿਤ, ਜਵਾਈ ਅਤੇ ਬੇਟੀਆਂ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਮੱਥਾ ਟੇਕਣ ਗਏ ਹੋਏ ਸਨ। ਵਾਪਸ ਪਰਤਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਫਾਰਚੂਨਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਫਾਰਚੂਨਰ ਗੱਡੀ ਵਿਚੋਂ ਕੱਢਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਮਿੰਟੂ ਦੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੀ ਇਕ ਬੇਟੀ ਬੇਹੋਸ਼ ਹੋ ਗਈ।
ਜਦੋਂ ਕਿ ਛੋਟੀ ਬੇਟੀ ਦੀ ਲੱਤ ਟੁੱਟ ਗਈ ਪਰ ਉਹ ਹੋਸ਼ ਵਿਚ ਸੀ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਗੰਭੀਰ ਜ਼ਖ਼ਮੀ ਕੁਲਦੀਪ ਮਿੰਟੂ ਦੀ ਬੇਟੀ ਨੂੰ ਮੁਕੇਰੀਆਂ ਤੋਂ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਉੱਥੇ ਵੀ ਉਹ ਬੇਹੋਸ਼ ਹੈ ਅਤੇ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।