ਪੰਜਾਬ ਵਿਚ ਮੋਹਾਲੀ ਦੇ ਕੁਰਾਲੀ ਚ ਆਪਣੀ ਪਤਨੀ ਨਾਲ ਝਗੜੇ ਦੇ ਚੱਲਦਿਆਂ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਸਿਮਰਨਜੀਤ ਸਿੰਘ ਵਾਸੀ ਪਪਰਾਲੀ ਨੇ ਆਪਣੇ ਸਾਲੇ ਦਾ ਬਾਜ਼ਾਰ ਦੇ ਵਿਚਕਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ ਚਾਕੂ ਨਾਲ ਦਿਲ ਦੇ ਨੇੜੇ ਕਈ ਵਾਰ ਕੀਤੇ ਹਨ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਚੰਨਪ੍ਰੀਤ ਸਿੰਘ ਵਾਸੀ ਰਤਨਗੜ੍ਹ ਸਿੰਬਲ ਦੇ ਰੂਪ ਵਿਚ ਹੋਈ ਹੈ।
ਵਾਰਦਾਤ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ
ਇਸ ਮਾਮਲੇ ਸਬੰਧੀ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਚੰਨਪ੍ਰੀਤ ਸਿੰਘ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਚੰਨਪ੍ਰੀਤ ਸਿੰਘ ਦੀ ਭੈਣ ਨਰਿੰਦਰ ਕੌਰ ਦਾ ਵਿਆਹ ਸਿਮਰਨਜੀਤ ਸਿੰਘ ਨਾਲ ਹੋਇਆ ਸੀ। ਨਰਿੰਦਰ ਕੌਰ ਦਾ ਇੱਕ ਛੋਟਾ ਬੱਚਾ ਵੀ ਹੈ ਪਰ ਪਤੀ-ਪਤਨੀ ਦਾ ਰਿਸ਼ਤਾ ਸੁਖਾਵਾਂ ਨਹੀਂ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਅਕਸਰ ਉਹ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਆਉਂਦਾ ਸੀ। ਇਸ ਕਾਰਨ ਸਾਲੇ ਅਤੇ ਜੀਜੇ ਦੇ ਰਿਸ਼ਤੇ ਵਿੱਚ ਖਟਾਸ ਆ ਗਈ। ਨਰਿੰਦਰ ਕੌਰ ਕਰੀਬ ਛੇ ਮਹੀਨਿਆਂ ਤੋਂ ਮਾਮੇ ਦੇ ਘਰ ਰਹਿ ਰਹੀ ਸੀ।
ਸੋਮਵਾਰ ਸ਼ਾਮ ਨੂੰ ਚੰਨਪ੍ਰੀਤ ਸਿੰਘ ਆਪਣੀ ਭੈਣ ਨਾਲ ਮੋਟਰਸਾਈਕਲ ਤੇ ਬਾਜ਼ਾਰ ਵਿਚੋਂ ਸਾਮਾਨ ਲੈਣ ਗਿਆ ਸੀ। ਦੋਹਾਂ ਦਾ ਪਿੱਛਾ ਕਰਦੇ ਹੋਏ ਦੋਸ਼ੀ ਵੀ ਉਥੇ ਪਹੁੰਚ ਗਿਆ। ਜਦੋਂ ਉਹ ਹਸਪਤਾਲ ਦੇ ਸਾਹਮਣੇ ਸਾਮਾਨ ਖਰੀਦਣ ਲਈ ਰੁਕਿਆ ਤਾਂ ਦੋਸ਼ੀਆਂ ਨੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਉਸ ਦੇ ਦਿਲ ਦੇ ਨੇੜੇ ਕਈ ਵਾਰ ਕੀਤੇ। ਜਿਸ ਕਾਰਨ ਉਸ ਦੇ ਸਰੀਰ ਵਿਚੋਂ ਕਾਫੀ ਖੂਨ ਵਹਿ ਗਿਆ। ਇਸ ਤੋਂ ਬਾਅਦ ਚੰਨਪ੍ਰੀਤ ਜ਼ਖਮੀ ਹੋ ਕੇ ਹੇਠਾਂ ਡਿੱਗ ਪਿਆ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਚੰਨਪ੍ਰੀਤ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਭਰਾ ਨੂੰ ਜਾਨੋਂ ਮਾਰਨ ਦੀਆਂ ਫੂਨ ਤੇ ਦਿੰਦਾ ਸੀ ਧਮਕੀਆਂ
ਇਸ ਸਬੰਧੀ ਮ੍ਰਿਤਕ ਦੀ ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੇ ਭਰਾ ਨੂੰ ਕਾਫੀ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਹ ਕਈ ਵਾਰ ਧਮਕੀ ਭਰੇ ਸੁਨੇਹੇ ਵੀ ਭੇਜ ਚੁੱਕਾ ਹੈ। ਜਿਸ ਦਾ ਰਿਕਾਰਡ ਵੀ ਉਸ ਕੋਲ ਹੈ। ਉਸ ਨੇ ਦੱਸਿਆ ਕਿ ਉਹ ਉਸ ਦੀ ਲੜਕੀ ਨੂੰ ਲੈਕੇ ਜਾਣ ਦੀ ਧਮਕੀ ਵੀ ਦਿੰਦਾ ਸੀ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਦੋਸ਼ੀ ਇੱਕ ਗੱਡੀ ਵਿੱਚ ਆਇਆ ਸੀ। ਜਿਸ ਗੱਡੀ ਵਿਚ ਉਹ ਆਇਆ ਸੀ, ਉਸ ਤੇ ਪੰਜਾਬ ਅਤੇ ਹਰਿਆਣਾ ਲਿਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਕਾਰ ਸੜਕ ਦੇ ਦੂਜੇ ਪਾਸੇ ਖੜ੍ਹੀ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਸਾਨੀ ਨਾਲ ਦੌੜ ਗਿਆ।