ਪੰਜਾਬ ਵਿਚ ਜਿਲ੍ਹਾ ਫਰੀਦਕੋਟ ਦੇ ਗੋਲੇਵਾਲਾ ਚ ਚਾਚੇ ਨੂੰ ਭਤੀਜਿਆਂ ਨੇ ਛੇ ਸਾਲ ਤੋਂ ਚੱਲੀ ਦੁਸ਼ਮਣੀ ਵਿੱਚ ਮਾਰ ਦਿੱਤਾ। ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਜਰਨੈਲ ਸਿੰਘ ਦੇ ਘਰ ਦੇ ਨਾਲ ਹੀ ਉਸ ਦੇ ਤਾਏ ਦੇ ਪੁੱਤਰਾਂ ਕਰਮ ਸਿੰਘ ਪੁੱਤਰ ਸੱਜਣ ਸਿੰਘ, ਕਸ਼ਮੀਰ ਸਿੰਘ ਪੁੱਤਰ ਸੱਜਣ ਸਿੰਘ ਦਾ ਘਰ ਸੀ। 2015 ਵਿੱਚ ਕਰਮਾ ਸਿੰਘ ਦੇ ਘਰ ਦੀ ਛੱਤ ਵਿੱਚ ਲੱਗੀਆਂ ਲੱਕੜ ਦੀਆਂ ਬੱਲੀਆਂ ਨੂੰ ਸਿਉਂਕ ਲੱਗ ਗਈ ਸੀ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਉਸ ਸਮੇਂ ਤਿੰਨ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਜੁਰਮਾਨਾ ਨਹੀਂ ਦਿੱਤਾ ਗਿਆ। ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਰੰਜਿਸ਼ ਪੈਦਾ ਹੋ ਗਈ। ਹੌਲੀ-ਹੌਲੀ ਇਹ ਇੰਨਾ ਵਧ ਗਿਆ ਕਿ ਇਸ ਨੇ ਲੜਾਈ ਦਾ ਰੂਪ ਲੈ ਲਿਆ।
ਸੋਮਵਾਰ ਸਵੇਰੇ 7.30 ਵਜੇ ਦੇ ਕਰੀਬ ਲਖਬੀਰ ਸਿੰਘ ਦਾ ਪਿਤਾ ਜਰਨੈਲ ਸਿੰਘ ਰਾਜਵੀਰ ਸਿੰਘ ਦੇ ਘਰੋਂ ਆ ਰਿਹਾ ਸੀ ਤਾਂ ਕਰਮਾ ਸਿੰਘ ਅਤੇ ਕਸ਼ਮੀਰ ਸਿੰਘ ਨੇ ਉਸ ਤੇ ਡਾਂਗਾਂ ਦੇ ਨਾਲ ਹਮਲਾ ਕਰ ਦਿੱਤਾ। ਉਸ ਦੀ ਗਰਦਨ ਤੇ ਡਾਂਗ ਲੱਗ ਗਈ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਧਾਰਾ 302 ਤਹਿਤ ਕੇਸ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੋਲੇਵਾਲਾ ਚੌਕੀ ਦੇ ਇੰਚਾਰਜ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ। ਉਹ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਪੁਲੀਸ ਵੱਲੋਂ ਉਸ ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ, ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ ਅਤੇ ਨਾ ਹੀ ਕਿਤੇ ਖੂਨ ਨਿਕਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਜਾਣਕਾਰੀ ਮਿਲੇਗੀ।