ਪੰਜਾਬ ਵਿਚ ਜਿਲ੍ਹਾ ਲੁਧਿਆਣਾ ਨੇੜੇ ਖੰਨਾ ਦੇ ਪਿੰਡ ਰੌਣੀ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਬੰਦ ਬਕਸੇ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ। ਪਤੀ ਤੇ ਕਤਲ ਦਾ ਦੋਸ਼ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਬੇਟੀ ਦੀ ਕਈ ਵਾਰ ਕੁੱਟਮਾਰ ਕੀਤੀ ਸੀ। ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਮਹਿਲਾ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ
ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਆਪਣੀ ਭੈਣ ਕੋਲ ਰਹਿਣ ਚਲੀ ਗਈ ਸੀ। ਜਦੋਂ ਉਹ ਕੁਝ ਦਿਨ ਘਰ ਨਹੀਂ ਆਈ ਤਾਂ ਜਵਾਈ ਉਸ ਨੂੰ ਮਨਾਉਣ ਲਈ ਚਲਾ ਗਿਆ। ਕਿਸੇ ਨਾ ਕਿਸੇ ਤਰ੍ਹਾਂ ਔਰਤ ਸਮਝੌਤਾ ਕਰ ਕੇ ਵਾਪਸ ਆਪਣੇ ਸਹੁਰੇ ਘਰ ਆ ਗਈ ਅਤੇ ਅੱਜ ਉਸ ਦੀ ਲਾਸ਼ ਪੇਟੀ ਵਿਚੋਂ ਮਿਲੀ।
ਫੂਨ ਬੰਦ ਆਉਣ ਤੇ ਸ਼ੱਕ ਹੋਇਆ
ਇਸ ਘਟਨਾ ਦਾ ਪਤਾ ਉਸ ਟਾਈਮ ਹੋਇਆ ਜਦੋਂ ਧੀ ਦਾ ਫ਼ੋਨ ਸਵਿੱਚ ਆਫ ਆਉਣ ਲੱਗਿਆ। ਪਤੀ ਨੂੰ ਫੋਨ ਕਰਕੇ ਬੇਟੀ ਦਾ ਫੋਨ ਬੰਦ ਹੋਣ ਦਾ ਕਾਰਨ ਪੁੱਛਿਆ ਤਾਂ ਉਹ ਗੱਲ ਟਾਲਦਾ ਰਿਹਾ। ਫਿਰ ਕੁਝ ਦੇਰ ਬਾਅਦ ਪਤੀ ਨੇ ਵੀ ਫੋਨ ਬੰਦ ਕਰ ਦਿੱਤਾ। ਧੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਸ਼ੱਕ ਹੋਣ ਤੇ ਸਾਰਾ ਪਰਿਵਾਰ ਪਿੰਡ ਰੌਣੀ ਪਹੁੰਚ ਗਿਆ। ਧੀ ਦੇ ਸਹੁਰੇ ਘਰ ਆ ਕੇ ਦੇਖਿਆ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ ਤਾਂ ਉਹ ਪਿੰਡ ਦੇ ਸਰਪੰਚ ਕੋਲ ਗਿਆ ਅਤੇ ਮੌਕੇ ਤੇ ਪੁਲਸ ਨੂੰ ਬੁਲਾਇਆ। ਦੋਸ਼ੀ ਨੇ ਘਰ ਦੇ ਅੰਦਰੋਂ ਅਤੇ ਬਾਹਰੋਂ ਤਾਲਾ ਲਾਇਆ ਹੋਇਆ ਸੀ। ਜਿਸ ਕਾਰਨ ਜਦੋਂ ਪੁਲਿਸ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਈ ਤਾਂ ਅੰਦਰ ਦੇਖ ਕੇ ਅੱਖਾਂ ਖੁੱਲ੍ਹੀਆਂ ਰਹਿ ਗਈਆਂ।
ਦੋਸ਼ੀ ਕਮਰੇ ਦੇ ਅੰਦਰ ਹੀ ਬੈਠਾ ਸੀ। ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਔਰਤ ਦੀ ਲਾਸ਼ ਇੱਕ ਬੰਦ ਪੇਟੀ ਵਿੱਚੋਂ ਮਿਲੀ। ਪੁਲਸ ਨੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ ਉਮਰ 49 ਸਾਲ ਵਾਸੀ ਪਿੰਡ ਮਹਿਸਮਪੁਰ ਜ਼ਿਲ੍ਹਾ ਧੂਰੀ ਵਜੋਂ ਹੋਈ ਹੈ। ਕੁਲਵਿੰਦਰ ਕੌਰ ਦਾ ਵਿਆਹ 12 ਸਾਲ ਪਹਿਲਾਂ ਜਸਵਿੰਦਰ ਸਿੰਘ ਉਰਫ ਜੱਸੀ ਨਾਲ ਹੋਇਆ ਸੀ। 12 ਸਾਲਾਂ ਤੋਂ ਕੋਈ ਬੱਚਾ ਨਹੀਂ ਹੋਇਆ। ਇਸ ਕਾਰਨ ਹੀ ਪਤੀ ਕੁਲਵਿੰਦਰ ਕੌਰ ਦੀ ਕੁੱਟਮਾਰ ਕਰਦਾ ਸੀ। ਦੋਸ਼ੀ ਦਾ ਕੁਲਵਿੰਦਰ ਕੌਰ ਨਾਲ ਇਹ ਤੀਜਾ ਵਿਆਹ ਹੈ।