ਪੰਜਾਬ ਦੇ ਨਵਾਂਸ਼ਹਿਰ ਵਿਚ ਅਪਰਾਧਿਕ ਕਿਸਮ ਦੇ ਲੋਕਾਂ ਦੇ ਹੌਂਸਲੇ ਕਿੰਨੇ ਬੁਲੰਦ ਹਨ। ਇਸ ਦੀ ਮਿਸਾਲ ਅੱਜ ਦੁਪਹਿਰ 12 ਵਜੇ ਦੇ ਕਰੀਬ ਦੇਖਣ ਨੂੰ ਮਿਲੀ ਹੈ ਜਦੋਂ ਆਪਣੇ ਪਰਿਵਾਰ ਨਾਲ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਆਈ ਇਕ NRI ਔਰਤ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਦੋ ਲੁਟੇਰੇ ਔਰਤ ਦਾ ਪਰਸ ਖੋਹ ਕੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ। ਔਰਤ ਦੇ ਪਰਸ ਵਿਚ ਕਰੀਬ 1.50 ਲੱਖ ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ਼ ਸਨ। ਔਰਤ ਨੇ ਲੁਟੇਰਿਆਂ ਦੇ ਪਿੱਛੇ ਭੱਜਦੇ ਹੋਏ ਆਪਣਾ ਪਰਸ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਚੀਕ-ਚਿਹਾੜਾ ਪਾਇਆ। ਪਰ ਲੁਟੇਰੇ ਨਾ ਸਿਰਫ ਫਰਾਰ ਹੋਣ ਵਿਚ ਕਾਮਯਾਬ ਰਹੇ ਸਗੋਂ ਔਰਤ ਨੂੰ ਘੜੀਸ ਕੇ ਲੈ ਗਏ। ਜਿਸ ਕਾਰਨ ਔਰਤ ਦੇ ਕਾਫੀ ਜਿਆਦਾ ਸੱਟਾਂ ਲੱਗੀਆਂ ਹਨ।
ਇਸ ਸਬੰਧ ਵਿਚ ਪੁਲਿਸ ਥਾਣਾ ਨਵਾਂਸ਼ਹਿਰ ਨੂੰ ਦਿੱਤੀ ਸ਼ਿਕਾਇਤ ਵਿਚ ਚੂਹੜ ਸਿੰਘ ਪੁੱਤਰ ਬਿਸ਼ਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਦਾ ਸੇਵਾਮੁਕਤ ਮੁਲਾਜ਼ਮ ਹੈ। ਉਸ ਦੀ ਲੜਕੀ ਬਲਜੀਤ ਕੌਰ ਵਿਆਹੀ ਹੋਈ ਹੈ ਅਤੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਪਣੇ ਬੱਚਿਆਂ ਨਾਲ ਪਿੰਡ ਦਿਆਲਾ ਆਈ ਸੀ। ਉਸ ਨੇ ਦੱਸਿਆ ਕਿ ਅੱਜ ਉਸ ਦੀ ਲੜਕੀ ਅਤੇ ਉਸ ਦੇ ਦੋ ਬੱਚੇ ਅਤੇ ਉਸ ਦਾ ਲੜਕਾ ਬਾਜ਼ਾਰ ਵਿਚ ਖਰੀਦਦਾਰੀ ਕਰਨ ਲਈ ਆਏ ਸਨ। ਇਸ ਦੌਰਾਨ ਉਸ ਨੇ ਇਕ ਜਿਊਲਰਜ਼ ਦੀ ਦੁਕਾਨ ਤੇ ਸੋਨੇ ਦੇ ਗਹਿਣੇ ਦੇਖੇ, ਜੋ ਉਸ ਨੂੰ ਪਸੰਦ ਆਏ।
ਇਸ ਤੋਂ ਬਾਅਦ ਉਹ ਮੁਹੱਲਾ ਪਾਠਕ ਰਾਹੀਂ ਕੋਠੀ ਰੋਡ ਵੱਲ ਜਾ ਰਹੇ ਸੀ। ਪਿੱਛੇ ਤੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਹੱਥ ਵਿੱਚੋਂ ਪਰਸ ਖੋਹ ਲਿਆ ਅਤੇ ਕੁਝ ਦੂਰੀ ਤੱਕ ਉਸ ਨੂੰ ਘਸੀਟ ਕੇ ਲੈ ਗਏ। ਸ਼ਿਕਾਇਤ ਕਰਨ ਵਾਲੇ ਨੇ ਦੱਸਿਆ ਕਿ ਉਸ ਦੀ ਲੜਕੀ ਵੱਲੋਂ ਰੌਲਾ ਪਾਉਣ ਅਤੇ ਲੜਕੇ ਵੱਲੋਂ ਪਿੱਛਾ ਕਰਨ ਦੇ ਬਾਵਜੂਦ ਲੁਟੇਰੇ ਨਹੀਂ ਫੜੇ ਗਏ। ਉਸ ਨੇ ਦੱਸਿਆ ਕਿ ਪਰਸ ਵਿੱਚ ਕਰੀਬ 1.50 ਰੁਪਏ ਨਕਦ, ਆਈਫੋਨ ਅਤੇ ਉਸ ਦੇ ਦੋ ਬੱਚਿਆਂ ਦੇ ਆਧਾਰ ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਸਨ। ਬਾਜ਼ਾਰ ਵਿੱਚ ਮੌਜੂਦ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਔਰਤ ਵੱਲੋਂ ਰੌਲਾ ਪਾਉਣ ਤੇ ਇੱਕ ਦੁਕਾਨਦਾਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਜਦੋਂ ਲੁਟੇਰਿਆਂ ਨੇ ਪਿਸਤੌਲ ਕੱਢਿਆ ਤਾਂ ਉਹ ਅੱਗੇ ਨਹੀਂ ਵਧੇ, ਜਿਸ ਕਾਰਨ ਲੁਟੇਰੇ ਬਿਨਾਂ ਕਿਸੇ ਡਰ ਦੇ ਜਲੇਬੀ ਚੌਕ ਤੋਂ ਫਰਾਰ ਹੋ ਗਏ।
CCTV ਕੈਮਰਿਆਂ ਵਿਚ ਕੈਦ ਹੋਏ ਲੁਟੇਰੇ
NRI ਔਰਤ ਕੋਲੋਂ ਕਰੀਬ 1.50 ਰੁਪਏ ਦੀ ਨਕਦੀ ਅਤੇ ਆਈਫੋਨ ਲੁੱਟਣ ਵਾਲੇ ਲੁਟੇਰਿਆਂ ਦੀਆਂ ਤਸਵੀਰਾਂ CCTV ਕੈਮਰੇ ਵਿਚ ਕੈਦ ਹੋ ਗਈਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ SHO ਸਤੀਸ਼ ਸ਼ਰਮਾ ਨੇ ਦੱਸਿਆ ਕਿ ਕਰੀਹਾ ਪਿੰਡ ਪਹੁੰਚ ਕੇ ਲੁਟੇਰਿਆਂ ਨੇ ਚੋਰੀ ਕੀਤੇ ਆਈਫੋਨ ਦੀ ਸਵਿੱਚ ਆਫ ਕਰ ਦਿੱਤੀ ਜਿਸ ਤੋਂ ਸਪੱਸ਼ਟ ਹੈ ਕਿ ਉਕਤ ਲੁਟੇਰੇ ਕਰੀਹਾ ਪਿੰਡ ਵੱਲ ਭੱਜੇ ਹਨ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਦਾ ਸੁਰਾਗ ਲਾਉਣ ਲਈ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਜਿਸ ਸੜਕ ਤੇ ਲੁਟੇਰੇ ਗਏ ਸਨ, ਉੱਥੇ ਲੱਗੇ CCTV ਕੈਮਰਿਆਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।