ਪਾਣੀ ਨੂੰ ਠੰਡਾ ਰੱਖਣ ਦੇ ਲਈ ਪੁਰਾਣੇ ਸਮਿਆਂ ਤੋਂ ਹੀ ਮਿੱਟੀ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਮਿੱਟੀ ਦੇ ਘੜੇ ਵਿੱਚ ਪਾਣੀ ਠੰਡਾ ਰਹਿ ਸਕਦਾ ਹੈ ਤਾਂ ਕੀ ਉਸ ਵਿੱਚ ਹੋਰ ਚੀਜ਼ਾਂ ਵੀ ਠੰਡੀਆਂ ਰਹਿ ਸਕਦੀਆਂ ਹਨ…? ਤਾਮਿਲਨਾਡੂ ਦੇ ਕੋਇੰਬਟੂਰ ਦੇ ਕਰੂਮਥਮਪੱਟੀ ਦੇ ਇੱਕ ਘੁਮਿਆਰ ਐਮ ਸਿਵਾਸਾਮੀ ਦੇ ਮਨ ਵਿੱਚ ਵੀ ਅਜਿਹਾ ਹੀ ਸਵਾਲ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਮਿੱਟੀ ਦਾ ਫਰਿੱਜ ਬਣਾਉਣ ਦਾ ਫੈਸਲਾ ਕੀਤਾ।
70 ਸਾਲ ਦੇ ਸ਼ਿਵਸਾਮੀ ਨੇ ਆਪਣੀ ਸਾਰੀ ਉਮਰ ਮਿੱਟੀ ਦੇ ਬਰਤਨ ਬਣਾਏ ਸਨ। ਉਸ ਨੇ ਆਪਣੇ ਗਿਆਨ ਅਤੇ ਤਜੱਰਬੇ ਦੀ ਵਰਤੋਂ ਕਰਕੇ ਇੱਕ ਅਜਿਹਾ ਯੰਤਰ ਬਣਾਉਣ ਦਾ ਫੈਸਲਾ ਕੀਤਾ ਜੋ ਲੋਕਾਂ ਨੂੰ ਟਿਕਾਊ ਤਰੀਕੇ ਨਾਲ ਜਿਉਣ ਵਿੱਚ ਮਦਦ ਕਰੇ। ਸਾਲ 2020 ਵਿੱਚ ਉਸ ਨੇ ਮਿੱਟੀ ਤੋਂ ਇੱਕ ਵਾਤਾਵਰਣ ਅਨੁਕੂਲ ਫਰਿੱਜ ਬਣਾਇਆ, ਜੋ ਬਿਜਲੀ ਦੀ ਵਰਤੋਂ ਕੀਤੇ ਬਿਨਾਂ ਸਬਜ਼ੀਆਂ ਨੂੰ ਚਾਰ ਦਿਨਾਂ ਤੱਕ ਸਟੋਰ ਕਰਕੇ ਤਾਜਾ ਰੱਖ ਸਕਦਾ ਹੈ। ਉਸ ਨੇ ਇੱਕ ਵੱਡੇ ਸਿਲੰਡਰ ਆਕਾਰ ਦੇ ਮਿੱਟੀ ਦੇ ਬਰਤਨ ਦੀ ਵਰਤੋਂ ਕੀਤੀ ਅਤੇ ਇਸ ਵਿੱਚ ਦੋ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ – ਅੱਗੇ ਇੱਕ ਟੂਟੀ ਅਤੇ ਪਿਛਲੇ ਪਾਸੇ ਪਾਣੀ ਪਾਉਣ ਲਈ ਇੱਕ ਆਊਟਲੈਟ।
ਆਪਣੇ ਇਸ ਫਰਿੱਜ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਹੋਇਆਂ ਸ਼ਿਵਸਾਮੀ ਕਹਿੰਦੇ ਹਨ ਕਿ ਤੁਸੀਂ ਵੱਡੇ ਵਰਤਨ ਵਿੱਚ ਲਗਭਗ 15 ਲੀਟਰ ਪਾ ਸਕਦੇ ਹੋ। ਕਿਉਂਕਿ ਘੜੇ ਵਿੱਚ ਪਾਣੀ ਠੰਡਾ ਰਹਿੰਦਾ ਹੈ ਅਤੇ ਇਹ ਤੁਹਾਡੀਆਂ ਸਬਜ਼ੀਆਂ ਤੇ ਫਲਾਂ ਨੂੰ ਵੀ ਠੰਡਾ ਰੱਖਦਾ ਹੈ। ਜੇਕਰ ਤੁਸੀਂ ਚੀਜ਼ਾਂ ਨੂੰ ਸਹੀ ਢੰਗ ਨਾਲ ਸਟੋਰ ਕਰਦੇ ਹੋ ਤਾਂ ਉਹ ਚਾਰ ਦਿਨਾਂ ਤੱਕ ਤਾਜ਼ੀਆਂ ਰਹਿੰਦੀਆਂ ਹਨ। ਤੁਸੀਂ ਇਸ ਨੂੰ ਦਹੀਂ, ਦੁੱਧ ਅਤੇ ਆਂਡੇ ਸਟੋਰ ਕਰਨ ਲਈ ਵੀ ਵਰਤ ਸਕਦੇ ਹੋ।
ਇਹ ਮਿੱਟੀ ਦਾ ਫਰਿੱਜ ਦੋ ਆਕਾਰਾਂ ਵਿੱਚ ਆਉਂਦਾ ਹੈ। ਇੱਕ 1.5 ਫੁੱਟ ਲੰਬਾ ਹੈ ਜਦੋਂ ਕਿ ਦੂਜਾ 2 ਫੁੱਟ ਵੱਡਾ ਹੈ। ਇਨ੍ਹਾਂ ਦੀ ਕੀਮਤ 1,700 ਅਤੇ 1,800 ਰੁਪਏ ਹੈ। ਸਿਵਾਸਾਮੀ ਦਾ ਕਹਿਣਾ ਹੈ ਕਿ ਉਹ ਹੁਣ ਤੱਕ 100 ਤੋਂ ਵੱਧ ਫਰਿੱਜ ਵੇਚ ਚੁੱਕੇ ਹਨ।ਘੁਮਿਆਰ ਦੇ ਪਰਿਵਾਰ ਨਾਲ ਸਬੰਧਤ ਸ਼ਿਵਸਾਮੀ ਨੇ ਮਿੱਟੀ ਦੇ ਕਈ ਤਰ੍ਹਾਂ ਦੇ ਉਤਪਾਦ ਬਣਾਏ ਹਨ। ਉਸ ਦੇ ਘਰ ਅਤੇ ਗੋਦਾਮ ਵਿੱਚ ਅਜਿਹੇ ਬਹੁਤ ਸਾਰੇ ਉਤਪਾਦ ਮੌਜੂਦ ਹਨ। ਤਕਰੀਬਨ ਪਿਛਲੇ 50 ਸਾਲਾਂ ਤੋਂ ਉਹ ਆਪਣੀ ਇਹ ਦੁਕਾਨ ਚਲਾ ਰਿਹਾ ਹੈ ਅਤੇ ਇਥੇ ਉਹ ਮਿੱਟੀ ਦੀਆਂ 150 ਤੋਂ ਵੱਧ ਤਰ੍ਹਾਂ ਦੇ ਮਿੱਟੀ ਦੇ ਉਤਪਾਦ ਵੇਚਦਾ ਹੈ।
ਮਿੱਟੀ ਦੇ ਫਰਿੱਜ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਦਾ
ਇਸ ਬਾਰੇ ਸ਼ਿਵਸਾਮੀ ਦੱਸਦੇ ਹਨ ਕਿ ਪਹਿਲਾਂ ਮੇਰੇ ਪਿਤਾ ਦੇ ਸਮੇਂ ਵਿੱਚ ਅਸੀਂ ਸਿਰਫ ਦੀਵੇ ਅਤੇ ਭਾਂਡੇ ਹੀ ਬਣਾਉਂਦੇ ਸੀ। ਪਰ ਸਾਨੂੰ ਲੋਕਾਂ ਦੀਆਂ ਲੋੜਾਂ ਅਨੁਸਾਰ ਆਪਣੇ ਕੰਮ ਨੂੰ ਵਧਾਉਣਾ ਪਿਆ। ਮਿੱਟੀ ਦੇ ਫਰਿੱਜ ਬਣਾਉਣ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਉਹ ਕਹਿੰਦਾ ਹੈ ਕਿ ਉਸ ਨੂੰ ਤਿੰਨ ਥਾਵਾਂ ਤੋਂ ਮਿੱਟੀ ਮਿਲਦੀ ਹੈ ਅਤੇ ਉਸ ਨੂੰ ਸਹੀ ਮਾਤਰਾ ਵਿਚ ਮਿਲਾਉਣਾ ਪੈਂਦਾ ਹੈ। ਫਿਰ ਉਹ ਫਰਿੱਜ ਦੇ ਹਰ ਹਿੱਸੇ ਨੂੰ ਬਣਾਉਂਦਾ ਹੈ ਜਿਸ ਨੂੰ ਫਿਰ ਛਾਂ ਵਿਚ ਸੁਕਾਇਆ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਦਸ ਫਰਿੱਜ ਬਣਾਉਣ ਲਈ ਇੱਕ ਮਹੀਨਾ ਲੱਗਦਾ ਹੈ।
ਇਸ ਫਰਿੱਜ ਨੂੰ ਬਣਾਉਣ ਦੇ ਪਿੱਛੇ ਸਿਵਾਸਮੀ ਨੇ ਇੱਕ ਹੋਰ ਕਾਰਨ ਵੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਛੋਟਾ ਸੀ ਤਾਂ ਉਸ ਦੇ ਘਰ ਕੋਈ ਫਰਿੱਜ ਨਹੀਂ ਸੀ। ਉਨ੍ਹਾਂ ਨੂੰ ਖੇਤਾਂ ਵਿੱਚੋਂ ਤਾਜ਼ਾ ਭੋਜਨ ਮਿਲਦਾ ਸੀ ਅਤੇ ਇਹੀ ਉਨ੍ਹਾਂ ਦੀ ਚੰਗੀ ਸਿਹਤ ਦਾ ਰਾਜ਼ ਵੀ ਸੀ। ਉਸ ਦਾ ਕਹਿਣਾ ਹੈ ਕਿ ਇਸ ਮਿੱਟੀ ਦੇ ਫਰਿੱਜ ਨਾਲ ਘੱਟੋ ਘੱਟ ਕੁਝ ਲੋਕ ਆਪਣੀ ਬਿਜਲੀ ਦੀ ਖਪਤ ਘਟਾ ਸਕਦੇ ਹਨ।
ਫਿਰ ਤੋਂ ਲੋਕ ਪੁਰਾਣੀਆਂ ਚੀਜ਼ਾਂ ਵੱਲ ਵੱਧ ਰਹੇ ਨੇ
ਸਿਵਾਸਮੀ ਮਿੱਟੀ ਦੇ ਫਰਿੱਜ ਬਣਾਉਣ ਤੋਂ ਇਲਾਵਾ ਮਿੱਟੀ ਦੀ ਕੜਾਹੀ, ਧੂਪਦਾਨ, ਗਲਾਸ, ਬੋਤਲਾਂ, ਜੱਗ ਅਤੇ ਖਾਣਾ ਪਕਾਉਣ ਦੇ ਭਾਂਡੇ ਵੀ ਤਿਆਰ ਕਰਕੇ ਵੇਚਦੇ ਹਨ। ਰੇਵਤੀ ਵੈਂਕਟ ਕਈ ਸਾਲਾਂ ਤੋਂ ਸ਼ਿਵਸਾਮੀ ਦੁਆਰਾ ਬਣਾਏ ਉਤਪਾਦ ਨੂੰ ਖਰੀਦ ਰਹੀ ਹੈ। ਉਹ ਕਹਿੰਦੀ ਹੈ ਕਿ ਅਸੀਂ ਇੱਕ ਵਧੇਰੇ ਟਿਕਾਊ ਜੀਵਨ ਸ਼ੈਲੀ ਵੱਲ ਵਧ ਰਹੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਕੋਇੰਬਟੂਰ ਦੇ ਬਾਹਰਵਾਰ ਸਾਡੇ ਕੋਲ ਇੱਕ ਫਾਰਮ ਹਾਊਸ ਹੈ। ਜਿਥੇ ਅਸੀਂ ਸ਼ਨੀਵਾਰ ਅਤੇ ਛੁੱਟੀਆਂ ਦੇ ਦੌਰਾਨ ਜਾਂਦੇ ਹਾਂ। ਅਸੀਂ ਉਸ ਘਰ ਲਈ ਮਿੱਟੀ ਦਾ ਫਰਿੱਜ ਖਰੀਦਿਆ ਅਤੇ ਇਹ ਇੱਕ ਵੱਡੀ ਤਬਦੀਲੀ ਸਾਬਤ ਹੋਈ। ਅਸੀਂ ਉੱਥੇ ਲਈ ਇਲੈਕਟ੍ਰਿਕ ਫਰਿੱਜ ਨਹੀਂ ਖਰੀਦਿਆ ਮੈਨੂੰ ਮਿੱਟੀ ਦੇ ਫਰਿੱਜ ਵਿੱਚੋਂ ਨਿਕਲੀਆਂ ਸਬਜ਼ੀਆਂ ਦੀ ਮਹਿਕ ਬਹੁਤ ਪਸੰਦ ਹੈ। ਅਸੀਂ ਹੁਣ ਸ਼ਹਿਰ ਵਿੱਚ ਆਪਣੇ ਘਰ ਲਈ ਇੱਕ ਹੋਰ ਫਰਿੱਜ ਖਰੀਦਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਹੌਲੀ-ਹੌਲੀ ਰੈਗੂਲਰ ਫਰਿੱਜ ਨੂੰ ਪੂਰੀ ਤਰ੍ਹਾਂ ਨਾਲ ਹਟਾ ਦੇਵਾਂਗੇ।
ਅਫਸੋਸ ਅੱਜ ਦਾ ਨੌਜਵਾਨ ਇਹ ਕੰਮ ਕਰਨਾ ਨਹੀਂ ਚਾਹੁੰਦਾ
ਹਾਲਾਂਕਿ ਘੁਮਿਆਰਾਂ ਦੀ ਘਾਟ ਕਾਰਨ ਸ਼ਿਵਸਾਮੀ ਇਸ ਮਿੱਟੀ ਦਾ ਫਰਿੱਜ ਅਤੇ ਹੋਰ ਉਤਪਾਦ ਵੱਡੀ ਗਿਣਤੀ ਵਿੱਚ ਬਣਾਉਣ ਵਿੱਚ ਅਸਮਰੱਥ ਹਨ। ਉਸ ਦਾ ਕਹਿਣਾ ਹੈ ਕਿ ਪਹਿਲਾਂ ਉਸ ਕੋਲ ਕੰਮ ਕਰਨ ਵਾਲੇ ਚਾਰ ਵਿਅਕਤੀ ਸਨ ਪਰ ਹੁਣ ਸਿਰਫ਼ ਦੋ ਹੀ ਰਹਿ ਗਏ ਹਨ ਅਤੇ ਦੋਵੇਂ ਕਾਫ਼ੀ ਬੁੱਢੇ ਹੋ ਗਏ ਹਨ। ਅੱਜ ਦੇ ਸਮੇਂ ਵਿੱਚ ਕੋਈ ਵੀ ਨੌਜਵਾਨ ਇਸ ਖੇਤਰ ਵਿੱਚ ਨਹੀਂ ਆਉਣਾ ਚਾਹੁੰਦਾ। ਅਫਸੋਸ ਜ਼ਾਹਰ ਕਰਦਿਆਂ ਉਹ ਕਹਿੰਦਾ ਹੈ ਕਿ ਨੌਜਵਾਨ ਸੋਚਦੇ ਹਨ ਕਿ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਲੋਕ ਗੰਦੇ ਹਨ ਕਿਉਂਕਿ ਸਾਡੇ ਹੱਥ ਗੰਦੇ ਹੁੰਦੇ ਹਨ। ਇਸ ਲਈ ਸਾਨੂੰ ਆਪਣੇ ਉਤਪਾਦਨ ਨੂੰ ਸੀਮਤ ਕਰਨਾ ਪੈ ਰਿਹਾ ਹੈ।
ਸ਼ਿਵਸਾਮੀ ਦਾ ਕਹਿਣਾ ਹੈ ਕਿ ਉਸਨੇ ਹਮੇਸ਼ਾ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਤਪਾਦ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦਾ ਹੈ ਕਿ ਜੇ ਮੈਂ ਕਹਾਂ ਕਿ ਮੈਂ ਸਿਰਫ ਬਰਤਨ ਅਤੇ ਦੀਵੇ ਬਣਾਵਾਂਗਾ ਤਾਂ ਨੁਕਸਾਨ ਮੇਰਾ ਹੈ। ਮੈਂ ਗਾਹਕਾਂ ਦੀਆਂ ਲੋੜਾਂ ਮੁਤਾਬਕ ਅਤੇ ਉਹਨਾਂ ਨੂੰ ਲਾਭ ਪਹੁੰਚਾਉਣ ਵਾਲੇ ਉਤਪਾਦ ਬਣਾ ਕੇ ਵੀ ਜਿੱਤ ਰਿਹਾ ਹਾਂ। ਕਿਸੇ ਦੀ ਸਿਹਤ ਨੂੰ ਸੁਧਾਰਨ ਅਤੇ ਵਾਤਾਵਰਣ ਅਨੁਕੂਲ ਜੀਵਨ ਵੱਲ ਲੋਕਾਂ ਦਾ ਧਿਆਨ ਖਿੱਚਣ ਵਿੱਚ ਆਪਣੀ ਇੱਕ ਛੋਟੀ ਜਿਹੀ ਭੂਮਿਕਾ ਨਿਭਾ ਕੇ ਮੈਂ ਸੰਤੁਸ਼ਟੀ ਮਹਿਸੂਸ ਕਰਦਾ ਹਾਂ।
ਖ਼ਬਰ ਸਰੋਤ: ਦ ਬੇਟਰ ਇੰਡੀਆ