ਡੇਢ ਮਹੀਨਾ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਪਰਿਵਾਰ ਦੀਆਂ, ਸਰਹਿੰਦ ਨਹਿਰ ਵਿਚੋਂ ਮਿਲੀਆਂ ਲਾਸ਼ਾਂ

Punjab

ਪੰਜਾਬ ਵਿਚ ਜਿਲ੍ਹਾ ਫਰੀਦਕੋਟ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਇੱਕ ਪਤੀ ਪਤਨੀ ਆਪਣੇ ਦੋ ਬੱਚਿਆਂ ਸਮੇਤ ਅੰਮ੍ਰਿਤਸਰ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਘਰੋਂ ਗਏ ਸਨ। ਇਸ ਦੌਰਾਨ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਗਾਇਬ ਹੋ ਗਿਆ। ਸ਼ੁੱਕਰਵਾਰ ਨੂੰ ਸਰਹਿੰਦ ਨਹਿਰ ਵਿਚੋਂ ਪਰਿਵਾਰ ਦੀ ਕਾਰ ਬਰਾਮਦ ਹੋਈ ਜਿਸ ਵਿਚ 4 ਲੋਕਾਂ ਦੀਆਂ ਲਾਸ਼ਾਂ ਗਲੀ ਹਾਲਤ ਵਿਚ ਪਈਆਂ ਸਨ। ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ।

ਲੰਘੇ 11 ਜੂਨ ਨੂੰ ਭਰਮਜੀਤ ਸਿੰਘ ਉਮਰ 36 ਸਾਲ ਆਪਣੀ ਪਤਨੀ ਰੁਪਿੰਦਰ ਕੌਰ ਉਮਰ 35 ਸਾਲ ਪੁੱਤਰੀ ਮੰਨਤਪ੍ਰੀਤ ਕੌਰ ਉਮਰ 12 ਸਾਲ ਅਤੇ ਪੁੱਤਰ ਰਾਜਦੀਪ ਸਿੰਘ ਉਮਰ 10 ਸਾਲ ਇਕੱਠੇ ਆਪਣੀ ਕਾਰ ਵਿਚ ਸਵਾਰ ਹੋ ਕੇ ਰਵਾਨਾ ਹੋਏ ਸਨ। ਇਹ ਪਰਿਵਾਰ ਫਰੀਦਕੋਟ ਦੀ ਭਾਨ ਸਿੰਘ ਕਲੋਨੀ ਦੀ ਗਲੀ ਨੰਬਰ ਛੇ ਵਿੱਚ ਰਹਿੰਦਾ ਸੀ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਪਿੰਡ ਰਾਜੋਵਾਲ ਵਾਸੀ ਮਹਿੰਦਰਪਾਲ ਸਿੰਘ ਨੇ ਦੱਸਿਆ ਸੀ ਕਿ ਉਸ ਦੀ ਲੜਕੀ ਰੁਪਿੰਦਰ ਕੌਰ ਦਾ ਵਿਆਹ ਕਰੀਬ 15 ਸਾਲ ਪਹਿਲਾਂ ਪਿੰਡ ਮਿਡੂਮਾਨ ਵਾਸੀ ਭਰਮਜੀਤ ਸਿੰਘ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਵੀ ਸਨ।

ਸਾਰਾ ਪਰਿਵਾਰ ਆਪਣੀ ਕਾਰ ਵਿਚ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਹਨ। ਪਰ ਉਹ ਵਾਪਸ ਨਹੀਂ ਆਏ। 11 ਜੂਨ ਨੂੰ ਸਵੇਰੇ 8 ਵਜੇ ਉਹ ਆਪਣੀ ਲੜਕੀ ਨੂੰ ਮਿਲਣ ਉਨ੍ਹਾਂ ਦੇ ਘਰ ਆਇਆ ਸੀ, ਜਿਸ ਨੂੰ ਤਾਲਾ ਲੱਗਾ ਹੋਇਆ ਸੀ। ਉਸੇ ਦਿਨ ਸ਼ਾਮ ਪੰਜ ਵਜੇ ਦੇ ਕਰੀਬ ਜਦੋਂ ਉਹ ਦੁਬਾਰਾ ਆਇਆ ਤਾਂ ਉਸ ਸਮੇਂ ਵੀ ਘਰ ਬੰਦ ਸੀ।

ਇਸ ਤੋਂ ਬਾਅਦ ਉਸ ਨੇ ਆਪਣੇ ਜਵਾਈ ਭਰਮਜੀਤ ਸਿੰਘ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਕਾਰ ਚਲਾ ਰਿਹਾ ਹੈ ਅਤੇ ਬਾਅਦ ਵਿੱਚ ਕਾਲ ਕਰੇਗਾ। ਇਸ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ ਅਤੇ ਜਵਾਈ ਅਤੇ ਬੇਟੀ ਦੇ ਫੋਨ ਸਵਿੱਚ ਬੰਦ ਆਉਣ ਲੱਗੇ।

ਸ਼ਿਕਾਇਤਕਰਤਾ ਮਹਿੰਦਰਪਾਲ ਸਿੰਘ ਨੇ ਸ਼ੱਕ ਜਤਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਲੜਕੀ, ਜਵਾਈ ਅਤੇ ਦੋਵੇਂ ਬੱਚਿਆਂ ਨੂੰ ਗਲਤ ਨੀਅਤ ਨਾਲ ਕਿਤੇ ਲੁਕੋ ਲਿਆ ਹੈ। ਇਸ ਸ਼ਿਕਾਇਤ ਉਤੇ ਥਾਣਾ ਕੋਤਵਾਲੀ ਪੁਲੀਸ ਨੇ ਅਣਪਛਾਤੇ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਭਰਮਜੀਤ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਨੌਕਰੀ ਕਰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਸੀ। ਸ਼ੁਕਰਵਾਰ ਨੂੰ ਚਾਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

Leave a Reply

Your email address will not be published. Required fields are marked *