ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਸਤਲੁਜ ਦਰਿਆ ਦੇ ਨੇੜੇ ਇੱਕ ਪਿੰਡ ਵਿੱਚੋਂ ਇੱਕ ਬਿਲਡਿੰਗ ਮਟੀਰੀਅਲ ਵਪਾਰੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਾਰਦਾਤ ਨੂੰ ਮ੍ਰਿਤਕ ਦੇ ਛੋਟੇ ਭਰਾ ਨੇ ਅੰਜਾਮ ਦਵਾਇਆ ਹੈ। ਛੋਟੇ ਭਰਾ ਗੁਰਦੀਪ ਨੇ ਆਪਣੇ ਭਰਾ ਦੀ ਸੁਪਾਰੀ ਇੱਕ ਵਿਅਕਤੀ ਨੂੰ ਦੇ ਕੇ ਆਪਣੇ ਭਰਾ ਨੂੰ ਮਰਵਾ ਦਿੱਤਾ। ਮ੍ਰਿਤਕ ਦਾ ਨਾਮ ਬਲਕਾਰ ਸਿੰਘ ਸੀ। ਵਪਾਰੀ ਦੀ ਕਾਰ ਵੀ ਸਤਲੁਜ ਨੇੜੇ ਇੱਕ ਪਿੰਡ ਵਿੱਚ ਜੀਪੀਐਸ ਟਰੈਕਿੰਗ ਰਾਹੀਂ ਮਿਲੀ ਹੈ। ਕਾਰ ਤੋਂ ਕੁਝ ਦੂਰੀ ਉਤੇ ਝਾੜੀਆਂ ਵਿਚੋਂ ਕਾਰੋਬਾਰੀ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਵਪਾਰੀ ਦੀ ਧੌਣ ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮਾਰ ਦਿੱਤਾ ਗਿਆ।
ਹਮਲਾਵਰ ਨੇ ਵਪਾਰੀ ਉਤੇ ਕੁਹਾੜੀ ਨਾਲ ਵਾਰ ਕੀਤਾ ਸੀ। ਮਰਨ ਵਾਲੇ ਵਪਾਰੀ ਬਲਕਾਰ ਸਿੰਘ ਦਾ ਚੰਗਾ ਕਾਰੋਬਾਰ ਹੈ। ਉਸ ਨੇ ਆਪਣੇ ਦੋ ਭਰਾਵਾਂ ਨੂੰ 20 ਹਜ਼ਾਰ ਰੁਪਏ ਤਨਖਾਹ ਤੇ ਆਪਣੀ ਦੁਕਾਨ ਤੇ ਰੱਖਿਆ ਹੋਇਆ ਸੀ। ਪ੍ਰੈੱਸ ਕਾਨਫਰੰਸ ਕਰਦੇ ਹੋਏ ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਵਪਾਰੀ ਦਾ ਕਤਲ ਉਸ ਦੇ ਛੋਟੇ ਭਰਾ ਗੁਰਦੀਪ ਨੇ ਕੀਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਨੂੰ ਪਹਿਲਾਂ ਪੁਲਿਸ ਨੇ ਫੜਿਆ ਅਤੇ ਇਸ ਤੋਂ ਬਾਅਦ ਸਾਰੀ ਘਟਨਾ ਦਾ ਖੁਲਾਸਾ ਹੋਇਆ।
5 ਲੱਖ ਵਿਚ ਹੋਇਆ ਸੀ ਸੌਦਾ
ਕਾਰੋਬਾਰੀ ਬਲਕਾਰ ਨੂੰ ਮਾਰਨ ਲਈ ਉਸ ਦੇ ਛੋਟੇ ਭਰਾ ਗੁਰਦੀਪ ਨੇ ਸੌਰਵ ਨਾਂ ਦੇ ਨੌਜਵਾਨ ਨੂੰ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਸੌਰਵ ਇੱਕ ਵਾਟਰ ਟਰੀਟਮੈਂਟ ਪਲਾਂਟ ਵਿੱਚ ਕੰਮ ਕਰਦਾ ਹੈ। ਗੁਰਦੀਪ ਵੀ ਇਸੇ ਪਲਾਂਟ ਵਿੱਚ ਕੰਮ ਕਰਦਾ ਰਿਹਾ ਹੈ, ਜਿਸ ਕਰਕੇ ਉਸ ਦੀ ਪਛਾਣ ਸੌਰਵ ਨਾਲ ਹੋਈ। ਸੌਰਵ ਨੇ ਬਲਕਾਰ ਨੂੰ ਬੁਲਾ ਕੇ ਸਤਲੁਜ ਦਰਿਆ ਕੋਲ ਇਹ ਕਹਿ ਕੇ ਬੁਲਾਇਆ ਕਿ ਉਸ ਨੂੰ ਬੱਜਰੀ ਅਤੇ ਰੇਤ ਦੇ ਕੁਝ ਡੰਪ ਦਿਖਾਉਣੇ ਹਨ। ਵਪਾਰੀ ਸੌਰਵ ਦੇ ਕਹਿਣ ਉਤੇ ਸਤਲੁਜ ਨੇੜੇ ਗਿਆ, ਜਿੱਥੇ ਸੌਰਵ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਕੇ ਝਾੜੀਆਂ ਵਿਚ ਸੁੱਟ ਦਿੱਤਾ।
ਦਸੰਬਰ ਮਹੀਨੇ ਵਿਚ ਵੀ ਭਰਾ ਨੇ ਕਰਾਇਆ ਸੀ ਹਮਲਾ
ਦੋਸ਼ੀ ਗੁਰਦੀਪ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਹੀ 8 ਦਸੰਬਰ 2021 ਨੂੰ ਬਲਕਾਰ ਤੇ ਹਮਲਾ ਕਰਵਾਇਆ ਸੀ। ਉਸ ਨੇ ਪੁਲਿਸ ਨੂੰ ਝੂਠ ਬੋਲਿਆ ਸੀ ਕਿ ਬਲਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ਹਮਲੇ ਦੇ ਬਦਲੇ ਗੁਰਦੀਪ ਨੇ ਦੋਸ਼ੀਆਂ ਨੂੰ 1 ਲੱਖ ਰੁਪਏ ਦਿੱਤੇ ਸਨ। ਇਸ ਹਮਲੇ ਵਿੱਚ ਬਲਕਾਰ ਦੀ ਗੱਡੀ ਵਿੱਚੋਂ 50 ਹਜ਼ਾਰ ਰੁਪਏ ਅਤੇ ਮੋਬਾਈਲ ਚੋਰੀ ਹੋ ਗਿਆ ਸੀ। ਉਸ ਉਤੇ ਦਾਤਰਾਂ ਨਾਲ ਵਾਰ ਕੀਤੇ ਗਏ ਸੀ।
ਦੋਸ਼ੀ ਵਿਦੇਸ਼ ਜਾਣਾ ਚਾਹੁੰਦਾ ਸੀ
ਦੋਸ਼ੀ ਗੁਰਦੀਪ ਵਿਦੇਸ਼ ਜਾਣਾ ਚਾਹੁੰਦਾ ਸੀ। ਪਰਿਵਾਰ ਕੋਲ 600 ਗਜ਼ ਦਾ ਇਕ ਪਲਾਟ ਸੀ। ਗੁਰਦੀਪ ਚਾਹੁੰਦਾ ਸੀ ਕਿ ਉਹ ਪਲਾਟ ਵੇਚਿਆ ਜਾਵੇ ਅਤੇ ਉਹ ਵਿਦੇਸ਼ ਚਲਾ ਜਾਵੇ ਪਰ ਉਸਦਾ ਭਰਾ ਉਹ ਪਲਾਟ ਨਹੀਂ ਵੇਚ ਰਿਹਾ ਸੀ। ਇਸ ਗੱਲ ਦੀ ਰੰਜਿਸ਼ ਨੂੰ ਲੈ ਕੇ ਛੋਟੇ ਭਰਾ ਨੇ ਵੱਡੇ ਭਰਾ ਦੀ ਸੁਪਾਰੀ ਦੇ ਦਿੱਤੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਦੀ ਕੁਹਾੜੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਵੇਗੀ ਤਾਂ ਜੋ ਹੋਰ ਖੁਲਾਸੇ ਵੀ ਕੀਤੇ ਜਾ ਸਕਣ।
ਮਾਮਲਾ ਕੀ ਸੀ
ਕਾਰੋਬਾਰੀ ਵੀਰਵਾਰ ਦੇਰ ਸ਼ਾਮ ਤੋਂ ਲਾਪਤਾ ਸੀ। ਉਸਦੇ ਲਾਪਤਾ ਹੋਣ ਦੀ ਸੂਚਨਾ ਉਸਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੀ ਸੀ। ਮਾਮਲਾ ਥਾਣਾ ਮੇਹਰਬਾਨ ਦੇ ਪਿੰਡ ਸਾਸਰਾਲੀ ਦਾ ਹੈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਸੀ । ਪੁਲੀਸ ਨੇ ਕਾਰ ਵਿੱਚ ਲੱਗੇ ਜੀਪੀਆਰਐਸ ਸਿਸਟਮ ਦੀ ਮਦਦ ਨਾਲ ਬਲਕਾਰ ਦੀ ਲੋਕੇਸ਼ਨ ਟਰੇਸ ਕੀਤੀ। ਜਦੋਂ ਪੁਲੀਸ ਸਤਲੁਜ ਨੇੜੇ ਪਿੰਡ ਰੌੜ ਕੋਲ ਪੁੱਜੀ ਤਾਂ ਬਲਕਾਰ ਦੀ ਕਾਰ ਉਥੇ ਖੜ੍ਹੀ ਮਿਲੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਕਾਲ ਡਿਟੇਲ ਆਦਿ ਦੀ ਮਦਦ ਦੇ ਨਾਲ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।