ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਫਿਲੌਰ ਚ ਛੁੱਟੀ ਤੋਂ ਬਾਅਦ ਘਰ ਜਾਂਦੇ ਸਮੇਂ ਦਸਵੀਂ ਜਮਾਤ ਦੇ ਵਿਦਿਆਰਥੀ ਸਾਹਿਲ ਨੂੰ ਇਕ ਹੋਰ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਕੁੱਟ ਕੁੱਟਕੇ ਮਾਰ ਦਿੱਤਾ। ਪੁਲਿਸ ਨੇ ਦੋਨਾਂ ਦੋਸ਼ੀ ਬੱਚਿਆਂ ਵਿਸ਼ਾਲ ਅਤੇ ਮਨਵੀਰ, ਜਿਨ੍ਹਾਂ ਦੀ ਉਮਰ ਤਕਰੀਬਨ 16 ਤੋਂ 17 ਸਾਲ ਦੇ ਕਰੀਬ ਹੈ ਉਨ੍ਹਾਂ ਤੋਂ ਇਲਾਵਾ 3 ਅਣਪਛਾਤੇ ਬੱਚਿਆਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਪਰਿਵਾਰ ਅਤੇ ਮੁਹੱਲਾ ਵਾਸੀਆਂ ਦੇ ਧਰਨੇ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤੇਜ
ਆਪਣੇ ਇਕਲੌਤੇ ਬੱਚੇ ਦੀ ਇਸ ਤਰ੍ਹਾਂ ਅਚਾਨਕ ਮੌਤ ਦੀ ਖਬਰ ਤੇ ਮਾਂ ਨੂੰ ਯਕੀਨ ਨਹੀਂ ਹੋਇਆ। ਜਦੋਂ ਉਨ੍ਹਾਂ ਨੇ ਹਸਪਤਾਲ ਵਿਚ ਆਪਣੇ ਬੱਚੇ ਦੀ ਲਾਸ਼ ਦੇਖੀ ਤਾਂ ਸਾਹਿਲ ਦੀਆਂ ਅੱਖਾਂ, ਗਰਦਨ, ਪਿੱਠ ਅਤੇ ਸਿਰ ਦੇ ਪਿਛਲੇ ਹਿੱਸੇ ਤੇ ਡੂੰਘੇ ਜ਼ਖਮ ਸਨ, ਜਿੱਥੋਂ ਖੂਨ ਨਿਕਲ ਰਿਹਾ ਸੀ। ਅੱਜ ਇਲਾਕਾ ਵਾਸੀਆਂ ਨੇ ਪਰਿਵਾਰ ਸਮੇਤ ਥਾਣੇ ਦੇ ਬਾਹਰ ਧਰਨਾ ਦੇ ਕੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਹ ਆਪਣੇ ਮ੍ਰਿਤਕ ਬੱਚੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਅਤੇ ਕੁਝ ਬੱਚਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਘਟਨਾ ਤੋਂ ਪਰਦਾ ਉੱਠਣ ਲੱਗਿਆ।
ਪੁਲਿਸ ਵਲੋਂ ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਜਿਵੇਂ ਹੀ ਸਾਹਿਲ ਛੁੱਟੀ ਤੋਂ ਬਾਅਦ ਸਕੂਲ ਤੋਂ ਆਪਣੇ ਘਰ ਜਾਣ ਲਈ ਨਿਕਲਿਆ ਤਾਂ ਰਸਤੇ ਵਿੱਚ ਦੂਜੇ ਸਕੂਲ ਦੇ ਬੱਚੇ ਵਿਸ਼ਾਲ ਅਤੇ ਮਨਵੀਰ ਜੋ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਹਨ ਉਹ ਆਪਣੇ 3 ਸਾਥੀਆਂ ਨਾਲ ਕਲੱਬ ਰੋਡ ਤੇ ਖੜ੍ਹੇ ਸਨ। ਸਾਹਿਲ ਜਦੋਂ ਉਨ੍ਹਾਂ ਕੋਲੋਂ ਲੰਘਣ ਲੱਗਾ ਤਾਂ ਵਿਸ਼ਾਲ ਅਤੇ ਮਨਵੀਰ ਨੇ ਉਸ ਨਾਲ ਕੁੱਟਮਾਰ ਕਰਨ ਲੱਗੇ। ਜਦੋਂ ਸਾਹਿਲ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਦੇ ਮੂੰਹ ਵਿਚੋਂ ਖੂਨ ਨਿਕਲਣ ਲੱਗਿਆ ਤਾਂ ਉਹ ਉਸ ਨੂੰ ਛੱਡ ਕੇ ਮੌਕੇ ਤੋਂ ਦੌੜ ਗਏ।
ਇਸ ਮਾਮਲੇ ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੋ ਵਿਦਿਆਰਥੀਆਂ ਤੋਂ ਇਲਾਵਾ 3 ਹੋਰ ਵਿਦਿਆਰਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੀ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ ਉਸ ਦੇ ਲੜਕੇ ਸਾਹਿਲ ਨੇ ਉਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਕਿ ਕੁਝ ਬੱਚੇ ਜੋ ਕਿ ਦੂਜੇ ਸਕੂਲਾਂ ਨਾਲ ਸਬੰਧਤ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਤੰਗ ਪ੍ਰੇਸ਼ਾਨ ਕਰਦੇ ਹਨ। ਉਸ ਨੂੰ ਉਨ੍ਹਾਂ ਬੱਚਿਆਂ ਤੋਂ ਡਰ ਲੱਗਦਾ ਹੈ। ਉਸ ਨੇ ਆਪਣੇ ਪੁੱਤਰ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਉਹ ਵੀ ਬੱਚੇ ਹਨ, ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਸ ਨੂੰ ਕੀ ਪਤਾ ਸੀ ਕਿ ਉਹ ਬੱਚਿਆਂ ਦੇ ਰੂਪ ਵਿੱਚ ਉਸਦੇ ਕਾਤਲ ਹਨ। ਕਾਸ਼ ਉਸ ਨੇ ਆਪਣੇ ਬੱਚੇ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਉਸ ਦੇ ਜਿਗਰ ਦਾ ਟੁਕੜਾ ਉਸ ਦੀਆਂ ਅੱਖਾਂ ਸਾਹਮਣੇ ਹੁੰਦਾ।