ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਵਿਆਹੁਤਾ 11 ਦਿਨਾਂ ਤੱਕ, ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ, ਜਾਣੋ ਪੂਰਾ ਮਾਮਲਾ

Punjab

ਪੰਜਾਬ ਵਿਚ ਬਰਨਾਲਾ ਦੇ ਤਪਾ ਮੰਡੀ ਨੇੜੇ ਪਿੰਡ ਤਾਜੋਕੇ ਵਿਚ ਇਕ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਹੈ। ਜਿਸ ਦੀ ਡੀ.ਐੱਮ.ਸੀ. ਹਸਪਤਾਲ ਵਿਚ ਮੌਤ ਹੋ ਗਈ। ਪੁਲੀਸ ਵੱਲੋਂ ਸਹੁਰੇ ਪਰਿਵਾਰ ਚੋਂ ਸਹੁਰੇ, ਜੇਠ, ਜੇਠਾਣੀ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਅਕਲੀਆ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮੇਰੀ ਲੜਕੀ ਅਮਨਦੀਪ ਕੌਰ ਦਾ ਵਿਆਹ ਤਾਜੋ ਵਾਸੀ ਬੂਟਾ ਸਿੰਘ ਦੇ ਪੁੱਤਰ ਬਲਵੀਰ ਸਿੰਘ ਉਰਫ ਸੌਨੀ ਨਾਲ ਹੋਇਆ ਸੀ। ਜਿਸ ਦੌਰਾਨ 7 ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੀਤੇ ਗਏ ਸਨ।

ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਦਾਜ ਲੈਣ ਲਈ ਉਸ ਦੀ ਲੜਕੀ ਨਾਲ ਕੁੱਟਮਾਰ ਕਰਨਾ ਅਤੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਰ ਪੇਕਿਆਂ ਦਾ ਗਰੀਬ ਪਰਿਵਾਰ ਹੋਣ ਕਾਰਨ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਿਆ। ਉਸ ਨੇ ਦੱਸਿਆ ਕਿ ਤਿੰਨ ਵਾਰ ਪੰਚਾਇਤ ਅਤੇ ਪਿੰਡ ਦੇ ਮੋਹਤਬਰਾਂ ਨੇ ਉਸ ਦੀ ਲੜਕੀ ਨੂੰ ਰਾਜ਼ੀਨਾਮਾ ਕਰਵਾ ਕੇ ਸਹੁਰੇ ਭੇਜਿਆ, ਪਰ ਉਸ ਦੇ ਸਹੁਰਿਆਂ ਦੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਬੰਦ ਨਹੀਂ ਕੀਤੀ। ਉਸ ਦੇ 5 ਸਾਲ ਦਾ ਲੜਕਾ ਵੀ ਹੈ। ਜਿਸ ਕਾਰਨ ਲੜਕੀ ਨੇ ਤੰਗ ਆ ਕੇ 12 ਜੁਲਾਈ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਤੋਂ ਪਤਾ ਲੱਗਾ ਕਿ ਮੇਰੀ ਲੜਕੀ ਨੇ ਬੂਟਾ ਸਿੰਘ ਪੁੱਤਰ ਜੋਗਿੰਦਰ ਸਿੰਘ (ਸਹੁਰਾ) ਜਗਸੀਰ ਸਿੰਘ ਉਰਫ ਜੱਗੀ (ਜੇਠ) ਰਾਜਵੀਰ ਕੌਰ (ਜੇਠਾਣੀ) ਬਲਵੀਰ ਸਿੰਘ ਉਰਫ ਸੋਨੂੰ (ਪਤੀ) ਤੋਂ ਤੰਗ ਆ ਕੇ ਘਰ ‘ਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨੂੰ ਤਪਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ 11 ਦਿਨ ਤੱਕ ਜ਼ਿੰਦਗੀ ਦੀ ਜੰਗ ਲੜਨ ਤੋਂ ਬਾਅਦ 23 ਜੁਲਾਈ ਨੂੰ ਉਸ ਦੀ ਮੌਤ ਹੋ ਗਈ।

ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਵਾਲਿਆਂ ਨੇ ਘਟਨਾ ਵਾਲੇ ਦਿਨ 2 ਘੰਟੇ ਦੇਰੀ ਨਾਲ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਡੀ.ਐੱਮ.ਸੀ. ਹਸਪਤਾਲ ਵਿੱਚ ਇਲਾਜ ਲਈ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਲੁਧਿਆਣਾ ਦੇ ਹਸਪਤਾਲ ਵਿੱਚ ਮਰਨ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ, ਜਿਸ ਵਿੱਚ ਉਹ ਆਪਣੇ ਸਹੁਰਿਆਂ ਵੱਲੋਂ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਉਂਦਿਆਂ ਆਪਣੇ ਲਈ ਇਨਸਾਫ ਦੀ ਗੁਹਾਰ ਲਾ ਰਹੀ ਹੈ।

ਮੌਤ ਦੀ ਸੂਚਨਾ ਮਿਲਦਿਆਂ ਹੀ ਸਰਪੰਚ ਭਗਵਾਨ ਸਿੰਘ, ਪੰਚ ਲਾਲ ਖਾਨ, ਪੰਚ ਭੋਲਾ ਸਿੰਘ, ਮੱਖਣ ਸਿੰਘ, ਦਲੀਪ ਸਿੰਘ, ਜੀਵਨ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਪਿੱਥੋ, ਮੁਕੰਦ ਸਿੰਘ, ਰਾਜ ਸਿੰਘ, ਜੀਤ ਸਿੰਘ, ਦੇਵ ਸਿੰਘ, ਹਰਤੇਜ ਸਿੰਘ, ਗੁਰਤੇਜ ਸਿੰਘ ਮਹਿਰਾਜ ਆਦਿ ਦੇ ਪਰਿਵਾਰਕ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਇਨਸਾਫ਼ ਦਿਵਾਇਆ ਜਾਵੇ। ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿੱਤਾ।

Leave a Reply

Your email address will not be published. Required fields are marked *