ਗੁਰਦਾਸਪੁਰ (ਪੰਜਾਬ) ਦੇ 3 ਦੋਸਤਾਂ ਦੀ ਹਿਮਾਚਲ ਦੇ ਚੰਬਾ ਵਿਚ ਸੜਕ ਹਾਦਸੇ ‘ਚ ਮੌਤ ਹੋ ਗਈ। ਇਨ੍ਹਾਂ ਮ੍ਰਿਤਕਾਂ ਦੀ ਪਛਾਣ ਮਨਮੋਹਨ ਸਾਰੰਗਲ ਵਾਸੀ ਦੀਨਾਨਗਰ ਦੇ ਆਰੀਆ ਨਗਰ, ਰਾਜੀਵ ਸ਼ਰਮਾ ਵਾਸੀ ਗੁਰਦਾਸਪੁਰ ਅਤੇ ਅਮਰਜੀਤ ਦੇ ਰੂਪ ਵਜੋਂ ਹੋਈ ਹੈ। ਮਨਮੋਹਨ ਪੀਡਬਲਯੂਡੀ ਵਿੱਚ ਐਕਸੀਅਨ ਸੀ, ਜਦੋਂ ਕਿ ਰਾਜੀਵ ਇੰਸ਼ੋਰੈਂਸ ਕੰਪਨੀ ਦੇ ਸਰਵੇਅਰ ਅਤੇ ਅਮਰਜੀਤ ਅਮਰੀਕਾ ਵਿੱਚ ਰਹਿੰਦੇ ਸਨ। ਅਮਰਜੀਤ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ।
ਚੰਬਾ ‘ਚ ਬੋਲੈਰੋ ਕਾਰ ਖਾਈ ‘ਚ ਡਿੱਗੀ
ਹਾਦਸਾ ਐਤਵਾਰ ਸ਼ਾਮ ਕਰੀਬ 4 ਵਜੇ ਇਹ ਹਾਦਸਾ ਵਾਪਰਿਆ। ਇੱਥੇ ਤੀਸਾ ਤੋਂ ਚੁਰਾਹ ਸਚਪਾਸ ਪੰਗੀ ਰੋਡ ਤੇ ਸਤਰੁੰਡੀ ਨੇੜੇ ਧੁੰਦ ਕਾਰਨ ਬੇਕਾਬੂ ਹੋ ਕੇ ਬੋਲੈਰੋ ਕਾਰ ਖੱਡ ਵਿਚ ਜਾ ਡਿੱਗੀ ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। 3 ਮ੍ਰਿਤਕ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਅਤੇ ਦੋ ਮ੍ਰਿਤਕ ਚੰਬਾ ਦੇ ਰਹਿਣ ਵਾਲੇ ਸਨ। ਹਾਦਸੇ ਵਿਚ ਦੋ ਲੋਕ ਜ਼ਖਮੀ ਵੀ ਹੋਏ ਸਨ, ਉਹ ਵੀ ਚੰਬਾ ਦੇ ਹੀ ਰਹਿਣ ਵਾਲੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇੱਕ ਮਹੀਨਾ ਪਹਿਲਾਂ ਚੰਬਾ ਦੇ ਤੀਸਾ ਤੋਂ ਸਚਪਾਸ ਕਿਲਾੜ ਰੋਡ ‘ਤੇ ਇੱਕ ਟਾਟਾ ਸੂਮੋ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕ ਜ਼ਖਮੀ ਹੋ ਗਏ ਸਨ। ਹਾਦਸੇ ਵਿਚ ਨੁਕਸਾਨੀ ਗਈ ਟਾਟਾ ਸੂਮੋ ਦੇ ਕਲੇਮ ਸੈਟਲਮੈਂਟ ਲਈ ਐਤਵਾਰ ਨੂੰ ਸਾਰੇ ਲੋਕ ਬੋਲੈਰੋ ਗੱਡੀ ਵਿਚ ਤੀਸਾ ਤੋਂ ਬਗੋਟੂ ਜਾ ਰਹੇ ਸਨ। ਸ਼ਾਮ ਨੂੰ ਉਥੋਂ ਵਾਪਸ ਆਉਂਦੇ ਸਮੇਂ ਸਤਰੁੰਡੀ ਨੇੜੇ ਧੁੰਦ ਕਾਰਨ ਬੋਲੈਰੋ ਡਰਾਈਵਰ ਤੋਂ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗੀ।
ਢਾਬਾ ਮਾਲਕ ਨੇ ਪੁਲਸ ਨੂੰ ਦਿੱਤੀ ਸੂਚਨਾ
ਇਕ ਢਾਬਾ ਮਾਲਿਕ ਨੇ ਬਲੈਰੋ ਨੂੰ ਖੱਡ ਵਿਚ ਡਿੱਗਦੇ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਤੀਸਾ ਦੇ ਐਸ.ਡੀ.ਐਮ ਗਿਰੀਸ਼ ਸ਼ਰਮਾ ਪੁਲਿਸ ਪਾਰਟੀ ਸਮੇਤ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਮੌਕੇ ਤੇ ਪਹੁੰਚੇ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢ ਕੇ ਤੀਸਾ ਹਸਪਤਾਲ ਪਹੁੰਚਾਇਆ ਗਿਆ। ਪਰ ਇੱਥੋਂ ਉਨ੍ਹਾਂ ਨੂੰ ਚੰਬਾ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਦੱਸਿਆ ਗਿਆ ਕਿ ਸਾਰੇ ਮ੍ਰਿਤਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।
XEN ਦੀ ਪਤਨੀ ਗਈ ਸੀ ਦੇਹਰਾਦੂਨ
ਦੀਨਾਨਗਰ ਦੇ ਆਰੀਆ ਨਗਰ ਦੇ ਰਹਿਣ ਵਾਲੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਮਨਮੋਹਨ ਸਾਰੰਗਲ ਨੇ ਵੀ ਗੁਰਦਾਸਪੁਰ ਵਿੱਚ ਕੋਠੀ ਬਣਾਈ ਹੋਈ ਹੈ। ਉਸ ਦੇ ਦੋਵੇਂ ਪੁੱਤਰ ਪੜ੍ਹਦੇ ਹਨ। ਪਤਨੀ ਆਪਣੇ ਬੇਟੇ ਕੋਲ ਦੇਹਰਾਦੂਨ ਗਈ ਹੋਈ ਹੈ। ਜਦੋਂਕਿ ਗੁਰਦਾਸਪੁਰ ਦਾ ਅਮਰਜੀਤ ਸਿੰਘ ਅਮਰੀਕਾ ਰਹਿੰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ, ਜਦੋਂ ਕਿ ਰਾਜੀਵ ਸ਼ਰਮਾ ਬੀਮਾ ਕੰਪਨੀ ਦਾ ਸਰਵੇਅਰ ਸੀ। ਉਸ ਦੀ ਪਤਨੀ ਦੀਪਕ ਜੋਤੀ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਕੰਪਿਊਟਰ ਵਿਭਾਗ ਦੀ ਮੁਖੀ ਹੈ।
ਬੋਲੇਰੋ ਕਿਰਾਏ ‘ਤੇ ਲਈ ਹੋਈ ਸੀ
ਰਾਜੀਵ ਸ਼ਰਮਾ ਨੇ ਵਾਹਨ ਦੇ ਕਲੇਮ ਸੈਟਲਮੈਂਟ ਲਈ ਚੰਬਾ ਜਾਣਾ ਸੀ। ਐਤਵਾਰ ਨੂੰ ਛੁੱਟੀ ਹੋਣ ਕਾਰਨ ਉਹ ਆਪਣੇ ਦੋਸਤ ਐਕਸੀਅਨ ਮਨਮੋਹਨ ਸਰਗਲ ਅਤੇ ਅਮਰੀਕਾ ਤੋਂ ਆਏ ਅਮਰਜੀਤ ਸਿੰਘ ਨੂੰ ਆਪਣੀ ਡਿਜ਼ਾਇਰ ਕਾਰ ਵਿੱਚ ਨਾਲ ਲੈ ਗਿਆ। ਰਾਜੀਵ ਸ਼ਰਮਾ ਆਪਣੀ ਡਿਜ਼ਾਇਰ ਕਾਰ ਨੂੰ ਚੰਬਾ ਵਿੱਚ ਛੱਡ ਕੇ ਕਿਰਾਏ ਤੇ ਬੋਲੈਰੋ ਲੈ ਕੇ ਅੱਗੇ ਚਲੇ ਗਏ। ਵਾਪਸ ਆਉਂਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ।