ਪੰਜਾਬ ਵਿਚ ਜਿਲ੍ਹਾ ਮੋਗਾ ਹਾਈਵੇਅ ਤੇ ਅੱਧੀ ਸੜਕ ਪਾਰ ਕਰਨ ਤੋਂ ਬਾਅਦ ਲੜਕੀ ਅਚਾਨਕ ਪਿੱਛੇ ਮੁੜੀ ਤਾਂ ਉਸ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਉਕਤ ਕਾਰ ਦੇ ਡਰਾਈਵਰ ਨੇ ਮੌਕੇ ਤੇ ਹੀ ਗੱਡੀ ਰੋਕ ਕੇ ਗੰਭੀਰ ਜ਼ਖਮੀ ਬੱਚੀ ਨੂੰ ਆਪਣੀ ਕਾਰ ਵਿਚ ਬਿਠਾਇਆ ਅਤੇ ਤੁਰੰਤ ਉਸ ਦੀ ਮਾਤਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਮੋਗਾ ਦੇ ਹਸਪਤਾਲ ਪਹੁੰਚਿਆ। ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੇ ਮ੍ਰਿਤਕ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ। ਗੁੱਸੇ ਵਿੱਚ ਰਿਸ਼ਤੇਦਾਰਾਂ ਵਿੱਚੋਂ ਇੱਕ ਨੌਜਵਾਨ ਨੇ ਇੱਟ ਨਾਲ ਟੈਕਸੀ ਡਰਾਈਵਰ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਫਿਲਹਾਲ ਪੁਲਸ ਨੇ ਕਾਰ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
ਇਹ ਹੈ ਪੂਰਾ ਮਾਮਲਾ
ਭਿੰਡਰ ਕਲਾਂ ਦੀ ਰਹਿਣ ਵਾਲੀ 25 ਸਾਲਾ ਹਰਜਿੰਦਰ ਕੌਰ ਆਪਣੀ ਮਾਂ ਕੁਲਦੀਪ ਕੌਰ ਅਤੇ ਮਾਸੀ ਨਾਲ ਦੋ ਵੱਖ-ਵੱਖ ਮੋਟਰਸਾਈਕਲਾਂ ਤੇ ਬੁੱਧਵਾਰ ਨੂੰ ਭਿੰਡਰ ਕਲਾਂ ਤੋਂ ਮੋਗਾ ਆ ਰਹੇ ਸੀ। ਰਸਤੇ ਵਿਚ ਫਤਿਹਗੜ੍ਹ ਪੰਜਤੂਰ ਨੇੜੇ ਵਿਕਟੋਰੀਆ ਪੈਲੇਸ ਦੇ ਕੋਲ ਲੜਕੀ ਹਰਜਿੰਦਰ ਕੌਰ ਨੇ ਪਿਸ਼ਾਬ ਕਰਨ ਜਾਣ ਲਈ ਮੋਟਸਾਈਕਲ ਰੁਕਵਾਇਆ ਅਤੇ ਸੜਕ ਪਾਰ ਕਰਕੇ ਪੈਟਰੋਲ ਪੰਪ ਤੇ ਜਾਣ ਲੱਗੀ।
ਅੱਧੀ ਸੜਕ ਪਾਰ ਕਰਨ ਤੋਂ ਬਾਅਦ ਲੜਕੀ ਨੇ ਦੇਖਿਆ ਕਿ ਟਾਇਲਟ ਦੇ ਕੋਲ ਕੁਝ ਆਦਮੀ ਖੜ੍ਹੇ ਹਨ, ਤਾਂ ਉਹ ਵਾਪਸ ਆਉਣ ਲਈ ਉਥੋਂ ਹੀ ਮੁੜ ਗਈ। ਇਸੇ ਦੌਰਾਨ ਹੀ ਹਰਜਿੰਦਰ ਕੌਰ ਨੂੰ ਹਾਈਵੇਅ ਤੇ ਆ ਰਹੀ ਸਵਿਫਟ ਡਿਜ਼ਾਇਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥਾਣਾ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਕਾਰ ਨੂੰ ਟੈਕਸੀ ਦੇ ਰੂਪ ਵਿਚ ਚਲਾ ਰਿਹਾ ਸੀ। ਉਸ ਨੇ ਤੁਰੰਤ ਕਾਰ ਰੋਕ ਕੇ ਜ਼ਖਮੀ ਲੜਕੀ ਉਸ ਦੀ ਮਾਂ ਅਤੇ ਰਿਸ਼ਤੇਦਾਰ ਸਮੇਤ ਕਾਰ ਵਿਚ ਬਿਠਾ ਕੇ ਤੁਰੰਤ ਮੋਗਾ ਦੇ ਰਾਜੀਵ ਹਸਪਤਾਲ ਪਹੁੰਚਾਇਆ। ਰਾਜੀਵ ਹਸਪਤਾਲ ਵਿਚ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਲੜਕੀ ਨੂੰ ਮ੍ਰਿਤਕ ਐਲਾਨਦੇ ਹੀ ਰਿਸ਼ਤੇਦਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਾਂ ਨੇ ਹੋਰ ਰਿਸ਼ਤੇਦਾਰਾਂ ਨੂੰ ਮੌਕੇ ਤੇ ਬੁਲਾਇਆ ਜਿਨ੍ਹਾਂ ਵਿਚੋਂ ਇਕ ਰਿਸ਼ਤੇਦਾਰਾਂ ਵਿੱਚੋਂ ਇੱਕ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਸੜਕ ਤੇ ਪਈ ਇੱਟ ਚੁੱਕ ਕੇ ਕਾਰ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਨੇ ਨੌਜਵਾਨ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨਾ ਮੰਨਿਆ ਅਤੇ ਉਸ ਨੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਨੌਜਵਾਨਾਂ ਨੂੰ ਗੁੱਸੇ ਵਿਚ ਦੇਖ ਕਾਰ ਮਾਲਕ ਬਲਵਿੰਦਰ ਸਿੰਘ ਆਪਣੀ ਜਾਨ ਬਚਾ ਕੇ ਭੱਜ ਗਿਆ।
ਬਾਅਦ ਵਿਚ ਪੁਲਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਨੂੰ ਸ਼ਾਂਤ ਕੀਤਾ ਤਾਂ ਬਲਵਿੰਦਰ ਸਿੰਘ ਥਾਣਾ ਸਿਟੀ-1 ਵਿਖੇ ਪਹੁੰਚ ਗਿਆ। ਮਾਮਲਾ ਥਾਣਾ ਧਰਮਕੋਟ ਦਾ ਹੋਣ ਕਾਰਨ ਪੁਲਸ ਥਾਣਾ ਸਿਟੀ-1 ਨੇ ਹਿਰਾਸਤ ਵਿਚ ਲਏ ਨੌਜਵਾਨ ਬਲਵਿੰਦਰ ਸਿੰਘ ਨੂੰ ਥਾਣਾ ਧਰਮਕੋਟ ਦੀ ਪੁਲਸ ਹਵਾਲੇ ਕਰ ਦਿੱਤਾ। ਧਰਮਕੋਟ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਹਾਦਸੇ ਵਿੱਚ ਨੌਜਵਾਨ ਦਾ ਕਸੂਰ ਸੀ ਜਾਂ ਨਹੀਂ।
ਮੰਗੇਤਰ ਦੀ ਮ੍ਰਿਤਕ ਦੇਹ ਦੇਖ ਬੇਹੋਸ਼ ਹੋਇਆ ਸੁਖਬੀਰ
ਇਸ ਹਾਦਸੇ ਵਿਚ ਜਾਨ ਗੁਆਉਣ ਵਾਲੀ ਹਰਜਿੰਦਰ ਕੌਰ ਦੀ ਮੰਗਣੀ ਮੋਗਾ ਦੀ ਹਰੀਜਨ ਕਾਲੋਨੀ ਦੇ ਰਹਿਣ ਵਾਲੇ ਸੁਖਬੀਰ ਸਿੰਘ ਨਾਲ ਹੋਈ ਸੀ। ਸੂਚਨਾ ਮਿਲਦੇ ਹੀ ਹਰਜਿੰਦਰ ਦਾ ਮੰਗੇਤਰ ਅਤੇ ਉਸ ਦੀ ਮਾਂ ਥਾਣਾ ਸਿਟੀ-1 ਸੁਖਬੀਰ ਸਿੰਘ ਪੁੱਜੇ ਸਨ, ਜਦੋਂ ਸੁਖਬੀਰ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਮੰਗੇਤਰ ਦੀ ਲਾਸ਼ ਦੇਖੀ ਤਾਂ ਉਹ ਥਾਣੇ ਵਿਚ ਹੀ ਬੇਹੋਸ਼ ਹੋ ਗਿਆ। ਬੜੀ ਮੁਸ਼ਕਲ ਨਾਲ ਰਿਸ਼ਤੇਦਾਰਾਂ ਨੇ ਉਸ ਨੂੰ ਹੋਸ਼ ਵਿਚ ਲਿਆਂਦਾ, ਨੌਜਵਾਨ ਇੰਨਾ ਪਰੇਸ਼ਾਨ ਸੀ ਕਿ ਕੁਝ ਬੋਲ ਵੀ ਨਹੀਂ ਸਕਦਾ ਸੀ।