ਸੁਰੱਖਿਆ ਕਰਮਚਾਰੀ ਦਾ ਵਾਸ਼ਰੂਮ ਵਿਚੋਂ ਮਿਲਿਆ ਮ੍ਰਿਤਕ ਸਰੀਰ, ਲੱੱਗੀ ਹੋਈ ਸੀ ਗੋਲੀ, ਜਾਣੋ ਸਟਾਫ ਦਾ ਘਟਨਾ ਤੇ ਕੀ ਕਹਿਣਾ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਭਾਈ ਬਾਲਾ ਚੌਕ ਨੇੜੇ ਸ਼ੁੱਕਰਵਾਰ ਦੀ ਰਾਤ ਨੂੰ ਇਕ ਨਿੱਜੀ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ ਲਾਸ਼ ਵਾਸ਼ਰੂਮ ਵਿਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਰਮਚਾਰੀ ਨੇ ਖੁਦ ਨੂੰ ਗੋਲੀ ਮਾਰ ਲਈ ਪੁਲਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੈਂਕ ਦੇ ਕੁਝ ਕਰਮਚਾਰੀ ਮੌਜੂਦ ਸਨ ਅਤੇ ਉਹ ਲੋਕ ਘਰ ਜਾਣ ਦੀ ਤਿਆਰੀ ਕਰ ਰਹੇ ਸਨ।

ਕੁਝ ਸਮਾਂ ਪਹਿਲਾਂ ਸੁਰੱਖਿਆ ਕਰਮਚਾਰੀ ਬੈਂਕ ਦੇ ਵਾਸ਼ਰੂਮ ਵਿਚ ਗਿਆ ਸੀ। ਕਰੀਬ ਅੱਧਾ ਘੰਟਾ ਜਦੋਂ ਉਹ ਬਾਹਰ ਨਾ ਆਇਆ ਅਤੇ ਬੈਂਕ ਵਿੱਚ ਕਿਤੇ ਦਿਖਾਈ ਨਹੀਂ ਦਿੱਤਾ ਤਾਂ ਬੈਂਕ ਮੁਲਾਜ਼ਮਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਬੈਂਕ ਮੁਲਾਜ਼ਮਾਂ ਨੇ ਉਸ ਦੇ ਫੋਨ ਤੇ ਫੋਨ ਕੀਤਾ ਤਾਂ ਉਸ ਦਾ ਫੋਨ ਚੱਲ ਰਿਹਾ ਸੀ ਪਰ ਕੋਈ ਚੁੱਕ ਨਹੀਂ ਰਿਹਾ ਸੀ। ਇਸੇ ਦੌਰਾਨ ਬੈਂਕ ਦੇ ਇੱਕ ਕਰਮਚਾਰੀ ਨੇ ਵਾਸ਼ਰੂਮ ਵਿੱਚੋਂ ਫ਼ੋਨ ਦੀ ਘੰਟੀ ਵੱਜਣ ਦੀ ਆਵਾਜ਼ ਨੂੰ ਸੁਣਿਆ। ਮੁਲਾਜ਼ਮਾਂ ਨੇ ਵਾਸ਼ਰੂਮ ਦਾ ਦਰਵਾਜ਼ਾ ਖੜਕਾਇਆ ਪਰ ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਅਤੇ ਮੁਲਾਜ਼ਮਾਂ ਨੇ ਦਰਵਾਜ਼ੇ ਦੇ ਹੇਠਾਂ ਖੂਨ ਦੇ ਨਿਸ਼ਾਨ ਦੇਖੇ ਤਾਂ ਉਨ੍ਹਾਂ ਤੁਰੰਤ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ।

ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ। ਦੱਸ ਦੇਈਏ ਕਿ ਭਿੰਦਾ ਨੇ ਕਰੀਬ 10 ਸਾਲ ਤੱਕ ਵੱਖੋ ਵੱਖ ਬੈਂਕਾਂ ਚ ਬਤੌਰ ਸੁਰੱਖਿਆ ਕਰਮਚਾਰੀ ਕੰਮ ਕੀਤਾ ਹੈ। ਉਹ ਲੰਬੇ ਸਮੇਂ ਤੋਂ ਇਸ ਬੈਂਕ ਵਿੱਚ ਤਾਇਨਾਤ ਸੀ। ਭਿੰਦਾ ਬਹੁਤ ਹੀ ਮਿਲਣਸਾਰ ਵਿਅਕਤੀ ਹੈ।ਭੁਪਿੰਦਰ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਉਸ ਦੇ ਲੜਕੇ ਨੇ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਭਿੰਦੇ ਨੇ ਪੂਰੇ ਪਰਿਵਾਰ ਨਾਲ ਪਾਰਟੀ ਕੀਤੀ ਸੀ।ਭੁਪਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਸਾਡੇ ਲੜਕੇ ਦੇ ਮਨ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਸੀ। ਉਹ ਬਹੁਤ ਹੱਸਮੁੱਖ ਸੀ। ਪਤਾ ਨਹੀਂ ਅੱਜ ਇਹ ਹਾਦਸਾ ਕਿਵੇਂ ਵਾਪਰ ਗਿਆ ਹੈ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਅਤੇ ਏ.ਸੀ.ਪੀ ਹਰੀਸ਼ ਬਹਿਲ ਮੌਕੇ ਤੇ ਪਹੁੰਚੇ। ਹਰੀਸ਼ ਬਹਿਲ ਨੇ ਦੱਸਿਆ ਕਿ ਭੁਪਿੰਦਰ ਦੇ ਚੁੱਕੇ ਇਸ ਕਦਮ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਸ ਮਾਮਲੇ ਤੇ ਸੂਤਰਾਂ ਅਨੁਸਾਰ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਮ੍ਰਿਤਕ ਦੇ ਫ਼ੋਨ ਦੀ ਡਿਟੇਲ ਵੀ ਖੰਗਾਲੇਗੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ। ਭੁਪਿੰਦਰ ਕੋਲ ਆਪਣੀ ਲਾਇਸੈਂਸੀ ਡਬਲ ਬੈਰਲ ਰਾਈਫਲ ਸੀ ਜਿਸ ਤੋਂ ਉਸ ਨੂੰ ਗੋਲੀ ਲੱਗੀ ਹੈ। ਲਾਸ਼ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

Leave a Reply

Your email address will not be published. Required fields are marked *