ਪੰਜਾਬ ਦੇ ਜਿਲ੍ਹਾ ਮਲੇਰਕੋਟਲਾ ‘ਚ ਐਤਵਾਰ ਨੂੰ ‘ਆਪ’ ਕੌਂਸਲਰ ਮੁਹੰਮਦ ਅਕਬਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਕਾਤਲ ਅਜੇ ਫਰਾਰ ਹਨ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੌਂਸਲਰ ਦਾ ਕਤਲ ਹੋਇਆ ਸੀ। ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਮਾਲੇਰਕੋਟਲਾ ਅਵਨੀਤ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 31 ਜੁਲਾਈ ਨੂੰ ਲੁਧਿਆਣਾ ਬਾਈਪਾਸ ਮਾਲੇਰਕੋਟਲਾ ਦੇ ਨੇੜੇ ਨਵੀਂ ਆਬਾਦੀ ਸਰਹੰਦੀ ਗੇਟ ਸਥਿਤ ਜਿੰਮ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੁਹੰਮਦ ਅਕਬਰ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਫਰਾਰ ਹੋ ਗਏ ਸਨ।
ਪੁਲਿਸ ਨੇ ਮੁਹੰਮਦ ਅਕਬਰ ਦੀ ਪਤਨੀ ਅਕਬਰੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਸੀ।ਉਨ੍ਹਾਂ ਨੇ ਦੱਸਿਆ ਕਿ ਮੁਹੰਮਦ ਅਕਬਰ ਨੇ ਕਰੀਬ 13-14 ਸਾਲਾਂ ਤੋਂ ਵਸੀਮ ਇਕਬਾਲ ਉਰਫ਼ ਸੋਨੀ ਵਾਸੀ ਇਸਮਾਈਲ ਬਸਤੀ ਨੇੜੇ ਮਾਨਾ ਫਾਟਕ ਮਲੇਰਕੋਟਲਾ ਨੂੰ ਗਰੇਵਾਲ ਚੌਕ ਮਲੇਰਕੋਟਲਾ ਵਿਖੇ ਇਕ ਦੁਕਾਨ ਕਿਰਾਏ ਤੇ ਦਿੱਤੀ ਸੀ। ਇਸ ਵਿਚ ਵਸੀਮ ਇਕਬਾਲ ਆਟੋ ਡੀਲਰ ਦੇ ਨਾਂ ਤੇ ਪੁਰਾਣੇ ਮੋਟਰਸਾਈਕਲਾਂ ਨੂੰ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ। ਵਸੀਮ ਇਕਬਾਲ ਦਾ ਅਕਬਰ ਨਾਲ ਪੈਸਿਆਂ ਦਾ ਲੈਣ-ਦੇਣ ਚਲਦਾ ਸੀ। ਕਰੀਬ ਇੱਕ ਹਫ਼ਤੇ ਤੋਂ ਅਕਬਰ ਵਸੀਮ ਇਕਬਾਲ ਤੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ।
ਉਹ ਰੁਪਏ ਵਾਪਸ ਨਹੀਂ ਕਰ ਰਿਹਾ ਸੀ। ਵਾਰ-ਵਾਰ ਪੈਸੇ ਮੰਗਣ ਤੋਂ ਪ੍ਰੇਸ਼ਾਨ ਹੋ ਕੇ ਵਸੀਮ ਨੇ ਆਪਣੇ ਸਾਲੇ ਮੁਹੰਮਦ ਆਸਿਫ਼, ਵਾਸੀ ਛੋਟਾ ਖਾਰਾ, ਨੇੜੇ ਮਾਨਾ ਫਾਟਕ ਮਲੇਰਕੋਟਲਾ ਨਾਲ ਮਿਲ ਕੇ ਅਕਬਰ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਦੋ-ਤਿੰਨ ਦਿਨ ਪਹਿਲਾਂ ਵਸੀਮ ਇਕਬਾਲ ਆਪਣੇ ਦੋਸਤ ਬੰਟੀ ਵਾਸੀ ਮਲੇਰਕੋਟਲਾ ਦੀ ਫਾਰਚੂਨਰ ਕਾਰ ਮੰਗ ਕੇ ਲੈ ਗਿਆ ਸੀ। ਇਸ ਗੱਡੀ ਵਿੱਚ ਉਹ ਯੂਪੀ ਦੇ ਸ਼ਾਮਲੀ ਤੋਂ ਹਥਿਆਰ ਲੈ ਕੇ ਆਇਆ ਸੀ। ਇਸ ਤੋਂ ਬਾਅਦ ਵਸੀਮ 31 ਜੁਲਾਈ ਨੂੰ ਤੜਕੇ ਕਰੀਬ ਸਾਢੇ ਤਿੰਨ ਵਜੇ ਮਾਲੇਰਕੋਟਲਾ ਵਾਪਿਸ ਆ ਕੇ ਅਸਲਾ ਅਤੇ ਕਾਰਤੂਸ ਆਸਿਫ ਨੂੰ ਸੌਂਪ ਦਿੱਤੇ। ਫਿਰ ਆਸਿਫ ਆਪਣੇ ਦੋਸਤ ਮੁਰਸ਼ਦ ਵਾਸੀ ਮੁਹੱਲਾ ਬਾਲੂ ਦੀ ਬਸਤੀ ਮਲੇਰਕੋਟਲਾ ਨਾਲ ਵਸੀਮ ਦੀ ਦੁਕਾਨ ਤੇ ਪਹੁੰਚ ਗਿਆ।
ਇੱਥੋਂ ਮੋਟਰਸਾਈਕਲ ਲੈ ਕੇ ਉਹ ਸਵੇਰੇ ਅੱਠ ਵਜੇ ਦੇ ਕਰੀਬ ਜਿੰਮ ਪਹੁੰਚੇ ਅਤੇ ਕੌਂਸਲਰ ਮੁਹੰਮਦ ਅਕਬਰ ਦਾ ਕਤਲ ਕਰਕੇ ਫਰਾਰ ਹੋ ਗਏ। ਪੁਲੀਸ ਨੇ ਵਸੀਮ ਇਕਬਾਲ ਉਰਫ਼ ਸੋਨੀ, ਉਸ ਦੇ ਸਾਲੇ ਮੁਹੰਮਦ ਸਦਾਬ ਅਤੇ ਉਸ ਦੇ ਸਾਥੀ ਤਹਿਸੀਮ ਨੂੰ ਫਾਰਚੂਨਰ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਸਿਫ਼ ਅਤੇ ਮੁਰਸ਼ਦ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਮੁਰਸ਼ਦ ਤੇ ਪਹਿਲਾਂ ਵੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੈ।