ਪੱਥਰ ਦਿਲ ਫੌਜੀ ਪਿਤਾ ਨੇ 10 ਮਹੀਨੇ ਦੀ ਧੀ ਉਤੇ ਕੀਤਾ ਕਹਿਰ, ਆਪਸੀ ਕਲੇਸ਼ ਦੌਰਾਨ ਫਰਸ ਤੇ ਪਟਕਾ ਕੇ ਮਾਰਿਆ, ਗਈ ਜਾਨ

Punjab

ਪੰਜਾਬ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਵਿਖੇ ਐਤਵਾਰ ਸ਼ਾਮ ਨੂੰ ਪਤਨੀ ਨਾਲ ਝਗੜਾ ਕਰ ਰਹੇ ਪਤੀ ਨੇ ਗੁੱਸੇ ਵਿਚ ਆ ਕੇ ਆਪਣੀ 10 ਮਹੀਨੇ ਦੀ ਬੱਚੀ ਨੂੰ ਫ਼ਰਸ਼ ਉਤੇ ਪਟਕਾ ਕੇ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ, ਜੋ ਅੰਬਾਲਾ ਫ਼ੌਜ ਵਿੱਚ ਸਿਪਾਹੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਉਕਤ ਸਿਪਾਹੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਸਿਪਾਹੀ ਸਤਨਾਮ ਸਿੰਘ ਜੋ ਕਿ ਅੰਬਾਲਾ ਵਿੱਚ ਫੌਜ ਵਿੱਚ ਸਿਪਾਹੀ ਹੈ ਉਸ ਦਾ ਵਿਆਹ ਤਕਰੀਬਨ ਡੇਢ ਸਾਲ ਪਹਿਲਾਂ ਅਮਨਦੀਪ ਕੌਰ ਵਾਸੀ ਲੱਖੋਕੇ ਬਹਿਰਾਮ ਨਾਲ ਹੋਇਆ ਸੀ।

ਦੋਸ਼ੀ ਪਿਤਾ ਦੀ ਤਸਵੀਰ

ਵਿਆਹ ਤੋਂ ਕੁਝ ਸਮਾਂ ਬਾਅਦ ਤੋਂ ਹੀ ਅਮਨਦੀਪ ਕੌਰ ਦਾ ਆਪਣੇ ਪਤੀ ਅਤੇ ਸੱਸ ਸਹੁਰੇ ਨਾਲ ਝਗੜਾ ਰਹਿਣ ਲੱਗਿਆ। ਅਮਨਦੀਪ ਕੌਰ ਦਾ ਸਹੁਰਾ ਪਰਿਵਾਰ ਉਸ ਤੇ ਕਿਸੇ ਗੱਲ ਨੂੰ ਸ਼ੱਕ ਕਰਦਾ ਸੀ। ਇਸ ਕਾਰਨ ਉਨ੍ਹਾਂ ਨੇ ਅਮਨਦੀਪ ਕੌਰ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਉਹ ਇਸ ਸਮੇਂ ਗਰਭਵਤੀ ਸੀ। ਅਮਨਦੀਪ ਕੌਰ ਨੇ ਸਤਨਾਮ ਸਿੰਘ ਬਾਰੇ ਫੌਜੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਜਿਸ ਤੇ ਫੌਜ ਦੇ ਅਧਿਕਾਰੀਆਂ ਨੇ ਅੰਬਾਲਾ ਕੈਂਟ ਬੁਲਾ ਕੇ ਦੋਵਾਂ ਨਾਲ ਗੱਲਬਾਤ ਕੀਤੀ, ਪਰ ਮਾਮਲਾ ਨਹੀਂ ਸੁਲਝਿਆ, ਇਸ ਦੌਰਾਨ ਅਮਨਦੀਪ ਨੇ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਰਹਿਮਤ ਰੱਖਿਆ ਗਿਆ।

12 ਜੁਲਾਈ ਨੂੰ ਫੌਜ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਦੁਬਾਰਾ ਬੁਲਾਇਆ ਅਤੇ ਦੋਵਾਂ ਨੂੰ 20 ਦਿਨ ਇਕੱਠੇ ਰਹਿਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਦੋਵੇਂ ਪਿੰਡ ਆ ਗਏ। ਬੀਤੇ ਦਿਨ ਅਮਨਦੀਪ ਕੌਰ ਦਾ ਪਿਤਾ ਜਸਵਿੰਦਰ ਸਿੰਘ ਆਪਣੀ ਲੜਕੀ ਅਤੇ ਉਸਦੀ ਬੱਚੀ ਨੂੰ ਉਸਦੇ ਸਹੁਰੇ ਘਰ ਮਿਲਣ ਆਇਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਫਿਰ ਝੜਪ ਹੋ ਗਈ। ਫੌਜੀ ਸਤਨਾਮ ਸਿੰਘ ਦੇ ਪਿਤਾ ਸੁਖਚੈਨ ਸਿੰਘ ਅਤੇ ਮਾਤਾ ਸਵਰਨਜੀਤ ਕੌਰ ਨੇ ਦੱਸਿਆ ਕਿ ਦੋਵਾਂ ਵਿਚਾਲੇ ਲੜਾਈ ਦਾ ਕਾਰਨ ਇਹ ਬੱਚੀ ਹੈ। ਜਿਸ ਤੇ ਸਤਨਾਮ ਸਿੰਘ ਨੇ ਅਮਨਦੀਪ ਕੌਰ ਤੋਂ ਬੱਚੀ ਨੂੰ ਖੋਹ ਲਿਆ ਅਤੇ ਫਰਸ਼ ਉਤੇ ਪਟਕਾ ਕੇ ਸੁੱਟ ਦਿੱਤਾ। ਜਿਸ ਤੋਂ ਬਾਅਦ ਉਹ ਬੱਚੀ ਨੂੰ ਪ੍ਰਾਈਵੇਟ ਹਸਪਤਾਲ ਵਿਚ ਲੈ ਗਿਆ। ਪਰ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ।

ਇਸ ਦੌਰਾਨ ਫੌਜੀ ਅਤੇ ਉਸ ਦਾ ਪਿਤਾ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਸਤਨਾਮ ਸਿੰਘ ਅਤੇ ਉਸ ਦੀ ਮਾਂ ਸਵਰਨ ਕੌਰ ਅਤੇ ਪਿਤਾ ਸੁਖਚੈਨ ਸਿੰਘ ਖ਼ਿਲਾਫ਼ ਧਾਰਾ 302, 34 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *