ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਪਿੰਡ ਹਰੀਗੜ੍ਹ ‘ਚ ਭਗਵਾਨ ਪੁਰੀ ਦੇ ਡੇਰੇ ਦੇ ਮਹੰਤ ਨੇ ਪਿੰਡ ਦੀ ਪੰਚਾਇਤ ਵੱਲੋਂ ਡੇਰੇ ਵਿੱਚ ਮਿੱਟੀ ਪਾਉਣ ਨੂੰ ਲੈ ਕੇ ਹੋਏ ਖੂਨੀ ਝੜਪ ਦੌਰਾਨ ਪਿੰਡ ਦੇ ਹੀ ਇਕ ਵਿਅਕਤੀ ਤੇ 32 ਬੋਰ ਦੀ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲਾ ਦੇ ਰਜਿਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਲੜਾਈ ਦੌਰਾਨ ਪਿੰਡ ਵਾਸੀ ਅਤੇ ਡੇਰੇ ਦੇ ਮੁਖੀ ਆਪਣੇ ਇੱਕ ਸਾਥੀ ਦੀ ਮਦਦ ਨਾਲ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਪਿੰਡ ਵਾਸੀਆਂ ਅਤੇ ਮਹੰਤ ਵਿਚਾਲੇ ਪੱਥਰਬਾਜ਼ੀ ਵੀ ਹੋਈ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਚੌਕੀ ਕੋਹਰੀਆਂ ਤੋਂ ASI ਰਾਜਵਿੰਦਰ ਸਿੰਘ ਆਪਣੀ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਮਾਹੌਲ ਕਾਫੀ ਗਰਮ ਹੋਣ ਕਾਰਨ DSP ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਡੇਰੇ ਵਿੱਚ ਪੁੱਜੀ ਅਤੇ ਮਾਹੌਲ ਨੂੰ ਸੰਭਾਲਿਆ। ਪੁਲੀਸ ਨੇ ਮੌਕੇ ਤੋਂ ਮਹੰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਵਿੱਚ ਭਗਵਾਨਪੁਰੀ ਨਾਂ ਦਾ ਡੇਰਾ ਹੈ, ਜਿਸ ਦੀ ਸੇਵਾ ਮਹੰਤ ਗੁਰਦੀਪ ਸਿੰਘ ਪੱਚੀ ਸਾਲਾਂ ਤੋਂ ਕਰ ਰਿਹਾ ਹੈ। ਪਿਛਲੇ ਦਿਨੀਂ ਪਏ ਭਾਰੀ ਮੀਂਹ ਦੌਰਾਨ ਡੇਰੇ ਵਿੱਚ ਪਾਣੀ ਨਾਲ ਭਰ ਜਾਂਦਾ ਹੈ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਡੇਰੇ ਦੀ ਹਾਲਤ ਸੁਧਾਰਨ ਲਈ ਪੈਸੇ ਇਕੱਠੇ ਕੀਤੇ ਸਨ, ਤਾਂ ਜੋ ਫਰਸ਼ ਉੱਚਾ ਕਰਕੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਮੰਗਲਵਾਰ ਸਵੇਰੇ ਪਿੰਡ ਵਾਸੀ ਪੰਚਾਇਤ ਨਾਲ ਲੈ ਕੇ ਕੰਮ ਸ਼ੁਰੂ ਕਰਵਾਉਣ ਲਈ ਡੇਰੇ ਵਿੱਚ ਪਹੁੰਚੇ ਪਰ ਡੇਰੇ ਦਾ ਮਹੰਤ ਆਪਣੇ ਕੋਲ ਪੈਸੇ ਜਮ੍ਹਾ ਕਰਵਾਉਣ ‘ਤੇ ਜ਼ੋਰ ਦੇ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਵਿਚ ਝਗੜਾ ਸ਼ੁਰੂ ਹੋ ਗਿਆ। ਮਹੰਤ ਨੇ 12 ਬੋਰ ਦੀ ਛੋਟੀ ਰਾਈਫਲ ਨਾਲ ਗੋਲੀ ਚਲਾ ਦਿੱਤੀ, ਜੋ ਪਿੰਡ ਦੇ ਹੀ ਨੌਜਵਾਨ ਤਰਸਵੀਰ ਸਿੰਘ ਨੂੰ ਲੱਗ ਗਈ। ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਤੁਰੰਤ ਪਟਿਆਲਾ ਰੈਫਰ ਕਰ ਦਿੱਤਾ।
ਪਿੰਡ ਵਾਸੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ
ਸੂਚਨਾ ਮਿਲਦੇ ਹੀ ਡੀ.ਐੱਸ.ਪੀ ਦਿੜ੍ਹਬਾ ਪ੍ਰਿਥਵੀ ਸਿੰਘ ਚਾਹਲ ਪੁਲਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਮਹੰਤ ਗੁਰਦੀਪ ਸਿੰਘ ਅਤੇ ਉਸ ਦੇ ਸਾਥੀ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਪਿੰਡ ਦੇ ਵਸਨੀਕ ਕ੍ਰਿਸ਼ਨ ਸਿੰਘ ਅਤੇ ਹੈਪੀ ਸਿੰਘ ਨੇ ਦੱਸਿਆ ਕਿ ਡੇਰੇ ਦਾ ਮਹੰਤ ਹਮੇਸ਼ਾ ਹੀ ਗੁੰਡਾਗਰਦੀ ਕਰਦਾ ਸੀ। ਉਹ ਡੇਰੇ ਵਿੱਚ ਨਸ਼ਾ ਕਰ ਰਿਹਾ ਸੀ। ਪਿੰਡ ਵਾਸੀਆਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇਸ ਸਬੰਧੀ ਪੁਲੀਸ ਚੌਕੀ ਕੋਹਰੀਆਂ ਨੂੰ ਪਿਛਲੇ ਦਿਨੀਂ ਸੂਚਿਤ ਕੀਤਾ ਗਿਆ ਹੈ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਅੱਜ ਇਸੇ ਕਾਰਨ ਮਹੰਤ ਨੇ ਡੇਰੇ ਵਿੱਚ ਮਿੱਟੀ ਪਾਉਣ ਨੂੰ ਲੈ ਕੇ ਗੋਲੀ ਚਲਾ ਦਿੱਤੀ।