ਪੰਜਾਬ ਵਿਚ ਤਰਨਤਾਰਨ ਦੇ ਕਸਬਾ ਝਬਾਲ ਵਿੱਚ 1500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਮਜ਼ਦੂਰ ਯੂਨੀਅਨ ਝਬਾਲ ਦੇ ਪ੍ਰਧਾਨ ਸਾਜਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਜ਼ਦੂਰ ਤਰਸੇਮ ਸਿੰਘ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਇਸ ਹਮਲੇ ਵਿੱਚ ਤਰਸੇਮ ਸਿੰਘ ਦਾ ਵੱਡਾ ਭਰਾ ਅਵਤਾਰ ਸਿੰਘ ਅਤੇ ਪਤਨੀ ਗੁਰਮੀਤ ਕੌਰ ਵੀ ਜ਼ਖ਼ਮੀ ਹੋ ਗਏ। ਥਾਣਾ ਝਬਾਲ ਦੀ ਪੁਲੀਸ ਵਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਪਿੰਡ ਝਬਾਲ ਕਲਾਂ ਦੀ ਰਹਿਣ ਵਾਲੀ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਤਰਸੇਮ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦਾ ਵੱਡਾ ਭਰਾ ਅਵਤਾਰ ਸਿੰਘ ਤਰਸੇਮ ਸਿੰਘ ਦੇ ਘਰ ਰਹਿੰਦਾ ਹੈ। ਅਵਤਾਰ ਸਿੰਘ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਅਵਤਾਰ ਸਿੰਘ ਦਾ ਪੁੱਤਰ ਨਿਸ਼ਾਨ ਸਿੰਘ ਆਪਣੇ ਚਾਚੇ ਤਰਸੇਮ ਸਿੰਘ ਦੇ ਘਰ ਆਪਣੇ ਬੇਟੇ ਹੁਸਨਬੀਰ ਸਿੰਘ ਅਤੇ ਬੇਟੀ ਸੁਮਨਦੀਪ ਕੌਰ ਦੇ ਨਾਲ ਰਹਿੰਦਾ ਸੀ। ਨਿਸ਼ਾਨ ਸਿੰਘ ਦੋ ਮਹੀਨੇ ਪਹਿਲਾਂ ਬਿਮਾਰ ਹੋ ਗਿਆ ਸੀ।
ਉਸ ਦੇ ਇਲਾਜ ਲਈ ਅਵਤਾਰ ਸਿੰਘ ਨੇ ਮਜ਼ਦੂਰ ਯੂਨੀਅਨ ਝਬਾਲ ਦੇ ਪ੍ਰਧਾਨ ਸਾਜਨ ਸਿੰਘ ਤੋਂ ਦੋ ਹਜ਼ਾਰ ਰੁਪਏ ਉਧਾਰ ਲਏ ਸਨ। ਕਰੀਬ ਸੱਤ ਦਿਨ ਪਹਿਲਾਂ ਸਾਜਨ ਸਿੰਘ ਨੂੰ 500 ਰੁਪਏ ਵਾਪਸ ਕਰ ਦਿੱਤੇ ਗਏ ਸਨ। 4 ਅਗਸਤ ਨੂੰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਜਨ ਸਿੰਘ ਨੇ 1500 ਰੁਪਏ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। 5 ਅਗਸਤ ਦੀ ਰਾਤ 9.30 ਵਜੇ ਦੋਸ਼ੀ ਸਾਜਨ ਸਿੰਘ ਆਪਣੇ ਭਰਾ ਲਾਭ ਸਿੰਘ ਲੱਬੂ ਸਮੇਤ ਆਪਣੇ ਸਾਲੇ ਦੇ ਬੇਟੇ ਬੰਟੀ ਅਤੇ ਜਸ਼ਨਦੀਪ ਸਿੰਘ ਸਮੇਤ ਅਵਤਾਰ ਸਿੰਘ ਦੇ ਘਰ ਦਾਖਲ ਹੋਇਆ। ਇਨ੍ਹਾਂ ਸਾਰਿਆਂ ਕੋਲ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਸਨ। ਦੋਸ਼ੀ ਸਾਜਨ ਸਿੰਘ ਨੇ ਘਰ ਦੀ ਛੱਤ ਤੇ ਸੁੱਤੇ ਪਏ ਅਵਤਾਰ ਸਿੰਘ ਉਤੇ ਹਮਲਾ ਕਰ ਦਿੱਤਾ।
ਰੌਲਾ ਸੁਣ ਕੇ ਅਵਤਾਰ ਸਿੰਘ ਦਾ ਛੋਟਾ ਭਰਾ ਤਰਸੇਮ ਸਿੰਘ ਛੱਤ ਤੇ ਚੜ੍ਹ ਗਿਆ। ਇਸ ਦੌਰਾਨ ਨਿਸ਼ਾਨ ਸਿੰਘ ਅਤੇ ਗੁਰਮੀਤ ਕੌਰ ਵੀ ਉਥੇ ਪਹੁੰਚ ਗਏ ਅਤੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ੀਆਂ ਨੇ ਤਰਸੇਮ ਸਿੰਘ ਦੇ ਸਿਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਤਰਸੇਮ ਸਿੰਘ ਦੀ ਪਤਨੀ ਗੁਰਮੀਤ ਕੌਰ ਤੋਂ ਇਲਾਵਾ ਅਵਤਾਰ ਸਿੰਘ ਨੂੰ ਵੀ ਜ਼ਖ਼ਮੀ ਕਰ ਦਿੱਤਾ। ਤਰਸੇਮ ਸਿੰਘ ਨੂੰ ਝਬਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਪਰ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਭਿੱਖੀਵਿਡ ਰੋਡ ਤੇ ਸਥਿਤ ਦੂਜੇ ਹਸਪਤਾਲ ਭੇਜ ਦਿੱਤਾ ਗਿਆ। ਉਥੇ ਤਰਸੇਮ ਸਿੰਘ ਦੀ ਮੌਤ ਹੋ ਗਈ।
ਇਸ ਸਬੰਧੀ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਏਐਸਆਈ ਸੁਖਵਿੰਦਰ ਸਿੰਘ ਮੌਕੇ ਉਤੇ ਪਹੁੰਚੇ ਅਤੇ ਗੁਰਮੀਤ ਕੌਰ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ।