ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਕਸਬਾ ਸਮਰਾਲਾ ਵਿੱਚ ਇੱਕ 12 ਸਾਲ ਦਾ ਨੌਜਵਾਨ ਦੋ ਦਿਨਾਂ ਤੋਂ ਲਾਪਤਾ ਸੀ। ਇਸ ਨੌਜਵਾਨ ਦੀ ਲਾਸ਼ ਮਾਛੀਵਾੜਾ ਬਾਈਪਾਸ ਤੇ ਇੱਕ ਡਰੇਨ ‘ਚੋਂ ਸੜੀ ਹੋਈ ਹਾਲਤ ਵਿਚ ਮਿਲੀ। ਉਸ ਦੇ ਚਿਹਰੇ ਉਤੇ ਕੱਪੜਾ ਲਪੇਟਿਆ ਹੋਇਆ ਸੀ। ਇਸ ਦੇ ਨਾਲ ਹੀ ਸਰੀਰ ਤੇ ਕਈ ਥਾਵਾਂ ਉਤੇ ਜ਼ਖਮਾਂ ਦੇ ਨਿਸ਼ਾਨ ਸਨ।
ਦੱਸਿਆ ਜਾ ਰਿਹਾ ਸੀ ਕਿ ਨੌਜਵਾਨ ਨੂੰ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸਮਰਾਲਾ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਦਾ ਸ਼ੱਕ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਸਮਰਾਲਾ ਦੀ ਅੰਬੇਡਕਰ ਕਲੋਨੀ ਦੇ ਰਹਿਣ ਵਾਲੇ ਹਰਸ਼ ਵਜੋਂ ਹੋਈ ਹੈ। ਹਰਸ਼ ਦਾ ਪਿਤਾ ਸੁਨੀਲ ਮਜ਼ਦੂਰ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਹਰਸ਼ ਦੋ ਦਿਨ ਪਹਿਲਾਂ ਘਰੋਂ ਖੇਡਣ ਦੇ ਲਈ ਗਿਆ ਸੀ, ਪਰ ਵਾਪਸ ਨਹੀਂ ਆਇਆ।
ਸ਼ਾਮ ਨੂੰ ਉਸ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ, ਪਰ ਉਹ ਕਿਤੋਂ ਵੀ ਨਹੀਂ ਮਿਲਿਆ। ਸ਼ਨੀਵਾਰ ਨੂੰ ਉਸ ਦੀ ਲਾਸ਼ ਨਾਲੇ ਵਿਚੋਂ ਮਿਲੀ। ਸੂਚਨਾ ਮਿਲਣ ਤੇ ਪੁਲਸ ਮੌਕੇ ਉਤੇ ਪਹੁੰਚ ਗਈ। ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਬੱਚੇ ਬਾਰੇ ਪਤਾ ਹੋ ਸਕਦਾ। ਹਮਲਾਵਰਾਂ ਨੇ ਕੱਪੜੇ ਦੇ ਟੁਕੜੇ ਨਾਲ ਲੜਕੇ ਦਾ ਗਲਾ ਘੁੱਟਿਆ ਅਤੇ ਬਾਅਦ ਵਿੱਚ ਉਸਦੀ ਕੁੱਟਮਾਰ ਕੀਤੀ। ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
DSP ਨੇ ਕਿਹਾ ਕਿ ਪਰਿਵਾਰ ਦਾ ਦਾਅਵਾ ਹੈ ਕਿ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ ਪਰ ਲਾਸ਼ ਸੜ ਚੁੱਕੀ ਸੀ ਅਤੇ ਲੱਗਦਾ ਸੀ ਕਿ ਲਾਸ਼ ਇੱਥੇ ਘੱਟੋ-ਘੱਟ ਇਥੇ ਚਾਰ ਤੋਂ ਪੰਜ ਦਿਨਾਂ ਤੋਂ ਪਈ ਸੀ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਪੜਤਾਲ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਨਾਬਾਲਗ ਕਿਸ ਨਾਲ ਇੱਥੇ ਆਇਆ ਸੀ।