ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਕਸਬਾ ਸਮਰਾਲਾ ਵਿੱਚ 12 ਸਾਲ ਦੇ ਨੌਜਵਾਨ ਹਰਸ਼ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵਲੋਂ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀ ਦੀ ਪਛਾਣ ਵਿਸ਼ਾਲ ਉਰਫ ਬਾਜਾ ਵਾਸੀ ਮੰਜਲੀ ਕਲਾਂ ਸਮਰਾਲਾ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਮ੍ਰਿਤਕ ਨੌਜਵਾਨ ਦੇ ਕੁਝ ਜਾਣਕਾਰ ਹੀ ਹੱਤਿਆ ਵਿੱਚ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਪ੍ਰਗਿਆ ਜੈਨ ਅਤੇ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਹੈ ਕਿ ਨੌਜਵਾਨ ਦੀ ਲਾਸ਼ ਮਾਛੀਵਾੜਾ ਬਾਈਪਾਸ ਦੇ ਇੱਕ ਨਾਲੇ ਵਿੱਚੋਂ ਕੱਟੀ ਹੋਈ ਹਾਲਤ ਵਿੱਚ ਮਿਲੀ ਸੀ। ਹੋਰ ਕੋਈ ਨਹੀਂ ਬਲਕਿ ਲੜਕੇ ਦਾ ਇੱਕ ਦੋਸਤ ਹੀ ਕਾਤਲ ਨਿਕਲਿਆ। ਆਖ਼ਰੀ ਵਾਰ ਜਦੋਂ ਦੋਸ਼ੀ ਵਿਸ਼ਾਲ ਦੀ ਨਾਬਾਲਗ ਲੜਕੇ ਨਾਲ ਬਹਿਸ ਹੋਈ ਤਾਂ ਇਸੇ ਗੱਲ ਦੀ ਰੰਜਿਸ਼ ਰੱਖਦਿਆਂ ਦੋਸ਼ੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੋਸ਼ੀ ਵਿਸ਼ਾਲ ਹਰਸ਼ ਨੂੰ ਮਾਛੀਵਾੜਾ ਬਾਈਪਾਸ ਉਤੇ ਲੈ ਗਿਆ ਜਿੱਥੇ ਉਸ ਤੇ ਸੀਮਿੰਟ ਅਤੇ ਬਜਰੀ ਦੇ ਬਣੇ ਪੱਥਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ। ਪੁਲਿਸ ਨੂੰ ਮੌਕੇ ਤੋਂ ਨੌਜਵਾਨ ਦੇ ਚਿਹਰੇ ਤੇ ਬੰਨ੍ਹਿਆ ਹੋਇਆ ਕੱਪੜਾ ਮਿਲਿਆ ਸੀ। ਨੌਜਵਾਨ ਦੇ ਸਰੀਰ ਤੇ ਕਈ ਜ਼ਖ਼ਮ ਸਨ। ਦੇਖਣ ਤੋਂ ਲੱਗ ਰਿਹਾ ਸੀ ਕਿ ਨੌਜਵਾਨ ਨੂੰ ਕਾਫੀ ਕੁੱਟਮਾਰ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ। ਪੁਲਿਸ ਨੂੰ ਸ਼ੱਕ ਸੀ ਕਿ ਨੌਜਵਾਨ ਦਾ ਕਤਲ ਕਿਸੇ ਪਹਿਚਾਣ ਵਾਲੇ ਵਿਅਕਤੀ ਨੇ ਕੀਤਾ ਹੈ।
ਮ੍ਰਿਤਕ ਨੌਜਵਾਨ ਜਿਨ੍ਹਾਂ ਬੱਚਿਆਂ ਨਾਲ ਆਖ਼ਰੀ ਵਾਰ ਖੇਡ ਰਿਹਾ ਸੀ, ਉਨ੍ਹਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ, ਉਥੋਂ ਹੀ ਪਤਾ ਲੱਗਿਆ ਕਿ ਨੌਜਵਾਨ ਦੀ ਕਿਸੇ ਗੱਲੋਂ ਬਹਿਸ ਬਾਜੀ ਹੋਈ ਸੀ ਅਤੇ ਉਸ ਨੇ ਹੀ ਉਸ ਦਾ ਕਤਲ ਕਰ ਦਿੱਤਾ ਸੀ। ਨੌਜਵਾਨ ਦੀ ਲਾਸ਼ ਸੜੀ ਹੋਈ ਹਾਲਤ ਵਿਚ ਮਿਲੀ ਸੀ। ਪੁਲੀਸ ਨੇ ਦੋਸ਼ੀ ਵਿਸ਼ਾਲ ਕੋਲੋਂ ਕਤਲ ਵਿੱਚ ਵਰਤਿਆ ਸੀਮਿੰਟ-ਬਜਰੀ ਦਾ ਪੱਥਰ ਬਰਾਮਦ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।