ਪੰਜਾਬ ਵਿਚ ਰੱਖੜੀ ਦੇ ਤਿਉਹਾਰ ਮੌਕੇ ਆਪਣੇ ਮਸੇਰੇ ਭਰਾ ਨੂੰ ਰੱਖੜੀ ਬੰਨ੍ਹਣ ਆਪਣੇ ਭਰਾ ਨਾਲ ਮੋਟਰਸਾਈਕਲ ਤੇ ਆ ਰਹੀ ਭੈਣ ਨੂੰ ਇਕ ਤੇਜ਼ ਰਫਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਬੱਸ ਹੇਠਾਂ ਆ ਕੇ ਭਰਾ ਦੀ ਮੌਤ ਹੋ ਗਈ। ਜਦੋਂ ਕਿ ਭੈਣ ਵਾਲ-ਵਾਲ ਬਚ ਗਈ। ਉਸ ਦੇ ਬਿਆਨਾਂ ਤੇ ਬੱਸ ਡਰਾਇਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬੱਸ ਨੂੰ ਪੁਲਿਸ ਵਲੋਂ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਹੈ
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੁਸ਼ਕ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜਸਵਿੰਦਰ ਸਿੰਘ ਦੀ 4 ਸਾਲ ਪਹਿਲਾਂ ਅਚਾਨਕ ਮੌਤ ਹੋ ਗਈ ਸੀ। ਉਸ ਨੇ ਆਪਣੇ ਲੜਕੇ ਕੁਲਦੀਪ ਸਿੰਘ ਅਤੇ ਬੇਟੀ ਸੁਖਜੀਤ ਕੌਰ ਨੂੰ ਪਾਲਿਆ। ਬੁੱਧਵਾਰ ਸਵੇਰੇ 8 ਵਜੇ ਉਸ ਦਾ ਲੜਕਾ ਕੁਲਦੀਪ ਸਿੰਘ ਉਮਰ 21 ਸਾਲ ਅਤੇ ਬੇਟੀ ਸੁਖਜੀਤ ਕੌਰ ਮੋਟਰਸਾਈਕਲ ਤੇ ਮੋਗਾ ਦੇ ਪਿੰਡ ਮਹਿਣਾ ਨੂੰ ਜਾ ਰਹੇ ਸਨ। ਕਿਉਂਕਿ ਉਸ ਦੀ ਬੇਟੀ ਨੇ ਆਪਣੀ ਮਾਸੀ ਰੀਤੂ ਰਾਣੀ ਦੇ ਬੇਟੇ ਅਵਿਨਾਸ਼ ਨੂੰ ਰੱਖੜੀ ਬੰਨ੍ਹਣੀ ਸੀ। ਇਸ ਲਈ ਦੋਵੇਂ ਭੈਣ-ਭਰਾ ਮੋਟਰਸਾਈਕਲ ਤੇ ਮਹਿਣਾ ਜਾ ਰਹੇ ਸਨ। ਜਿਵੇਂ ਹੀ ਮੋਟਰਸਾਈਕਲ ਮੋਗਾ ਤੋਂ ਲੁਧਿਆਣਾ ਰੋਡ ਤੇ ਦੱਤ ਰੋਡ ਨੇੜੇ ਪਹੁੰਚਿਆ। ਇਸ ਦੌਰਾਨ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਦਾ ਲੜਕਾ ਕੁਲਦੀਪ ਸਿੰਘ ਅਤੇ ਉਹ ਦੋਵੇਂ ਮਨਰੇਗਾ ਤਹਿਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਸਨ। ਪਰ ਪੁੱਤਰ ਦੀ ਮੌਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਹਾਦਸੇ ਲਈ ਜ਼ਿੰਮੇਵਾਰ ਬੱਸ ਡਰਾਇਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸੁਖਜੀਤ ਕੌਰ ਦਾ ਕਹਿਣਾ ਹੈ ਕਿ ਜਿਵੇਂ ਹੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਤਾਂ ਉਹ ਅਤੇ ਉਸ ਦਾ ਭਰਾ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਪਏ। ਉਹ ਕੱਚੀ ਥਾਂ ਤੇ ਡਿੱਗ ਪਈ, ਇਸ ਦੌਰਾਨ ਉਸ ਦਾ ਭਰਾ ਸੜਕ ਤੇ ਡਿੱਗ ਗਿਆ ਅਤੇ ਬੱਸ ਦਾ ਟਾਇਰ ਉਸ ਦੇ ਸਰੀਰ ਦੇ ਉੱਪਰ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਪੁਲਿਸ ਨੇ ਲਾਪਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਬੱਸ ਡਰਾਇਵਰ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦੋਂ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।