ਪੰਜਾਬ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਯੂਕੋ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸੋਢਲ ਰੋਡ ‘ਤੇ ਇੰਡਸਟਰੀਅਲ ਏਰੀਆ ਵਿਚ ਸਥਿਤ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਇਸ ਗਰੋਹ ਦਾ ਸਰਗਨਾ ਅਤੇ ਬੈਂਕ ਡਕੈਤੀ ਦਾ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਜੇ ਤੱਕ ਫੜਿਆ ਨਹੀਂ ਗਿਆ ਹੈ। ਗੁਰਪ੍ਰੀਤ ਸਿੰਘ ਉਰਫ ਗੋਪੀ ਜਲੰਧਰ ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ਦੇ ਉੱਤਮ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਦੀਆਂ ਟੀਮਾਂ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀਆਂ ਹਨ।
ਪੁਲਿਸ ਨੇ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਬਸਤੀ ਸ਼ੇਖ ਵਿਚ ਛਾਪਾ ਮਾਰ ਕੇ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਤਿੰਨਾਂ ਕੋਲੋਂ ਬੈਂਕ ਵਿੱਚੋਂ ਲੁੱਟੇ 13 ਲੱਖ 84 ਹਜ਼ਾਰ ਰੁਪਏ ਵਿੱਚੋਂ 7.50 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਵਾਰਦਾਤ ਵਿਚ ਵਰਤਿਆ ਗਿਆ ਦੇਸੀ ਕੱਟਾ ਅਤੇ ਬਿਨਾਂ ਨੰਬਰ ਵਾਲੀ ਸਕੂਟਰੀ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਹ ਚੜੇ ਪੁਲਿਸ ਦੇ ਹੱਥ
ਫੜੇ ਗਏ ਦੋਸ਼ੀਆਂ ਦੀ ਪਛਾਣ 21 ਸਾਲਾ ਵਿਨੈ ਤਿਵਾੜੀ, 24 ਸਾਲਾ ਤਰੁਣ ਨਾਹਰ ਅਤੇ 32 ਸਾਲਾ ਅਜੈਪਾਲ ਨਿਹੰਗ ਵਜੋਂ ਹੋਈ ਹੈ। ਇਨ੍ਹਾਂ ‘ਚੋਂ ਵਿਨੈ ਤਿਵਾੜੀ ਅਤੇ ਅਜੈਪਾਲ ਜਲੰਧਰ ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ਦੇ ਉੱਤਰਨਗਰ ਦੇ ਰਹਿਣ ਵਾਲੇ ਹਨ। ਤਰੁਣ ਨਾਹਰ ਜਲੰਧਰ ਦੇ ਕੋਟ ਮੁਹੱਲੇ ਦਾ ਰਹਿਣ ਵਾਲਾ ਹੈ। ਇਨ੍ਹਾਂ ਤਿੰਨਾਂ ਦਾ ਸਰਗਨਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਰਦਾਤ ਤੋਂ ਬਾਅਦ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਹੈ ਅਤੇ ਪੁਲਿਸ ਦੇ ਹੱਥ ਨਹੀਂ ਆਇਆ। ਉਸ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਲੁਟੇਰਿਆਂ ਦੀ ਭਾਲ ਲਈ ਤਿੰਨ ਟੀਮਾਂ ਲੱਗੀਆਂ
ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਇਕ ਟੀਮ ਬੈਂਕ ਦੇ ਨਜ਼ਦੀਕ ਚੋਰੀ ਹੋਏ ਮੋਬਾਇਲ ਦੇ ਡੰਪ ਦੀ ਜਾਂਚ ਕਰ ਰਹੀ ਸੀ, ਦੂਜੀ ਟੀਮ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਸੀ, ਤੀਜੀ ਟੀਮ ਆਪਣੇ ਨੈੱਟਵਰਕ ਰਾਹੀਂ ਮਾਮਲੇ ਨੂੰ ਸੁਲਝਾਉਣ ਲਈ ਰੁੱਝੀ ਹੋਈ ਸੀ, ਜਿਸ ਨੇ ਸਾਂਝੇ ਤੌਰ ਉਤੇ ਕੋਸ਼ਿਸ਼ਾਂ ਕਰ ਕੇ ਇਸ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ। ਸੀਸੀਟੀਵੀ ਤੋਂ ਮਿਲੀ ਫੁਟੇਜ ਅਨੁਸਾਰ ਪੁਲੀਸ ਬੈਂਕ ਤੋਂ ਲੈ ਕੇ ਚੰਦਨ ਨਗਰ, ਫਿਰ ਮਿੱਠਾ ਬਾਜ਼ਾਰ ਹੁੰਦੇ ਹੋਏ
ਬਸਤੀ ਦਾਨਿਸ਼ਮੰਦਾਂ ਅਤੇ ਫਿਰ ਲੁਟੇਰਿਆਂ ਦੇ ਅੱਡੇ ਦੇ ਆਸ-ਪਾਸ ਪਹੁੰਚੀ ਸੀ। ਇਸ ਤੋਂ ਬਾਅਦ ਪੁਲਿਸ ਨੇ ਆਪਣੇ ਨੈੱਟਵਰਕ ਤੋਂ ਸ਼ਰਾਰਤੀ ਅਨਸਰਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਅਜੈਪਾਲ ਦੇ ਘਰ ਤੇ ਬਣੀ ਲੁੱਟ ਦੀ ਯੋਜਨਾ
ਯੂਕੋ ਬੈਂਕ ਵਿਚ ਹੋਈ ਡਕੈਤੀ ਦੀ ਪੂਰੀ ਸਕ੍ਰਿਪਟ ਬਸਤੀ ਸ਼ੇਖ ਦੇ ਰਹਿਣ ਵਾਲੇ ਦੋਸ਼ੀ ਅਜੇਪਾਲ ਨਿਹੰਗ ਦੇ ਘਰ ਵਿਚ ਲਿਖੀ ਗਈ ਸੀ। ਅਜੈਪਾਲ ਨਿਹੰਗ ਪੇਸ਼ੇਵਰ ਅਪਰਾਧੀ ਹੈ, ਉਸ ਤੇ ਵੱਖ-ਵੱਖ ਥਾਣਿਆਂ ਵਿਚ ਦਸ ਤੋਂ ਵੱਧ ਕੇਸ ਦਰਜ ਹਨ। ਅਜੈਪਾਲ ਖਿਲਾਫ ਦਰਜ ਸਾਰੇ ਮਾਮਲੇ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਾਂ ਦੇ ਜ਼ੋਰ ਤੇ ਡਕੈਤੀ, ਚੋਰੀ, ਕੁੱਟਮਾਰ, ਨਸ਼ਾ ਤਸਕਰੀ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਦਰਜ ਹਨ।
ਹਾਲਾਂਕਿ ਲੁੱਟ-ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ‘ਚੋਂ ਦੋ ਵਿਨੈ ਤਿਵਾੜੀ ਅਤੇ ਤਰੁਣ ਨਾਹਰ ਹੁਣੇ ਹੀ ਪਹਿਲੀ ਵਾਰ ਅਪਰਾਧ ਦੀ ਦੁਨੀਆ ‘ਚ ਦਾਖਲ ਹੋਏ ਹਨ। ਜਦੋਂਕਿ ਡਕੈਤੀ ਦਾ ਮੁੱਖ ਮੁਲਜ਼ਮ ਗੁਰਪ੍ਰੀਤ ਉਰਫ਼ ਗੋਪੀ ਵੀ ਪੇਸ਼ੇਵਰ ਅਪਰਾਧੀ ਹੈ। ਗੋਪੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪੰਜ ਕੇਸ ਵੀ ਦਰਜ ਹਨ। ਗੋਪੀ ਖ਼ਿਲਾਫ਼ ਦਰਜ ਕੇਸਾਂ ਵਿੱਚੋਂ ਚਾਰ ਕੇਸ ਹਥਿਆਰਾਂ ਦੇ ਜੋਰ ਤੇ ਲੁੱਟ-ਖੋਹ ਦੇ ਦਰਜ ਹਨ। ਜਦੋਂ ਕਿ ਇਕ ਮਾਮਲਾ ਇਰਾਦਾ ਕਤਲ ਦਾ ਦਰਜ ਹੈ।