ਪੰਜਾਬ ਦੇ ਬਰਨਾਲਾ ਵਿਚ ਇਕ ਬਾਈਕ ਸਵਾਰ ਨੇ ਸਕੂਲ ਬੱਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਬੱਸ ਦਾ ਡਰਾਈਵਰ ਜ਼ਖਮੀ ਹੋ ਗਿਆ। ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਹਮਲਾਵਰਾਂ ਨੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਇਸ ਦੌਰਾਨ ਬੱਸ ਡਰਾਇਵਰ ਸਮਝਦਾਰੀ ਦਿਖਾਉਂਦੇ ਹੋਏ ਸਕੂਲ ਬੱਸ ਨੂੰ ਨੇੜੇ ਦੇ ਡੀ.ਐਸ.ਪੀ ਦਫ਼ਤਰ ਲੈ ਗਿਆ। ਜਿਸ ਕਾਰਨ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਰਨਾਲਾ ਦੇ ਡੀਐਸਪੀ ਨੇ ਇਕ ਹਮਲਾਵਰ ਨੂੰ ਫੜਨ ਦੀ ਗੱਲ ਕਹੀ ਹੈ।
ਸਕੂਲ ਬੱਸ ‘ਤੇ ਤਲਵਾਰਾਂ ਨਾਲ ਹਮਲਾ
ਬੁੱਧਵਾਰ ਨੂੰ ਕੁਝ ਹਮਲਾਵਰਾਂ ਨੇ ਬਰਨਾਲਾ ਏਅਰਫੋਰਸ ਦੇ ਕੇਂਦਰੀ ਵਿਦਿਆ ਮੰਦਰ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਬੱਸ ਵਿੱਚ 34-35 ਬੱਚੇ ਸਵਾਰ ਸਨ। ਬੱਸ ਸਕੂਲ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਉਤਾਰਨ ਜਾ ਰਹੀ ਸੀ। ਉਦੋਂ ਅਚਾਨਕ ਚਾਰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬੱਸ ਨੂੰ ਰੋਕ ਲਿਆ ਅਤੇ ਬੱਸ ਤੇ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੱਸ ਦਾ ਸ਼ੀਸ਼ਾ ਟੁੱਟ ਗਿਆ। ਤਲਵਾਰ ਦੇ ਹਮਲੇ ਵਿੱਚ ਬੱਸ ਡਰਾਈਵਰ ਲਖਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਲਖਵਿੰਦਰ ਨੇ ਬੱਸ ਨੂੰ ਪੂਰੀ ਰਫ਼ਤਾਰ ਨਾਲ ਨੇੜੇ ਹੀ ਸਥਿਤ ਬਰਨਾਲਾ ਡੀਐਸਪੀ ਦਫ਼ਤਰ ਵਿਚ ਪਹੁੰਚਾਇਆ।
ਬੱਸ ਹਮਲੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਬੱਸ ਤੇ ਹਮਲਾ ਕੀਤਾ ਗਿਆ, ਉਸ ਸਮੇਂ ਕਾਫੀ ਦਹਿਸ਼ਤ ਦਾ ਮਾਹੌਲ ਸੀ। ਸ਼ਹਿਰ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਜਿਸ ਕਾਰਨ ਪੂਰੇ ਸ਼ਹਿਰ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰਾਂ ਨੂੰ ਅਜਿਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਤਰ੍ਹਾਂ ਸਕੂਲ ਬੱਸ ਤੇ ਕਾਤਲਾਨਾ ਹਮਲਾ ਹੋਣਾ ਵੱਡੀ ਗੱਲ ਹੈ।
ਬੱਚਿਆਂ ਦੇ ਮਾਪਿਆਂ ਨੇ ਕਿਹਾ ਇਹ ਗੁੰਡਾਗਰਦੀ ਹੈ
ਦੂਜੇ ਪਾਸੇ ਸਕੂਲ ਬੱਸ ਤੇ ਹੋਏ ਹਮਲੇ ਤੋਂ ਘਬਰਾਏ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਕੂਲ ਬੱਸ ‘ਤੇ ਹਮਲਾ ਹੋਣਾ ਬਹੁਤ ਖ਼ਤਰਨਾਕ ਹੈ। ਪਰਿਵਾਰ ਵਾਲਿਆਂ ਨੇ ਹਮਲੇ ਨੂੰ ਲੈ ਕੇ ਸਕੂਲ ਅਤੇ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਰੋਜ਼ਾਨਾ ਸਕੂਲ ਜਾਣਾ ਹੁੰਦਾ ਹੈ। ਇਸ ਤਰ੍ਹਾਂ ਦੀ ਗੁੰਡਾਗਰਦੀ ਬਹੁਤ ਖਤਰਨਾਕ ਹੈ। ਅਸੀਂ ਇਨਸਾਫ਼ ਚਾਹੁੰਦੇ ਹਾਂ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਣਾ ਚਾਹੀਦਾ ਹੈ।
ਡਰਾਈਵਰ ਨੇ ਇਹ ਦੱਸਿਆ
ਬੱਸ ਦੇ ਡਰਾਈਵਰ ਲਖਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਮੇਰੀ ਕੁਝ ਲੋਕਾਂ ਨਾਲ ਬਹਿਸ ਹੋ ਗਈ ਸੀ, ਜਦੋਂ ਮੈਂ ਬੱਸ ਲੈ ਕੇ ਜਾ ਰਿਹਾ ਸੀ ਤਾਂ ਉਸ ਮੌਕੇ ਕੁਝ ਲੋਕਾਂ ਨੇ ਬੱਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਬੱਸ ਰੋਕ ਕੇ ਮੈਨੂੰ ਬੱਸ ਤੋਂ ਉਤਰਨ ਲਈ ਕਿਹਾ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਇਕ ਨੂੰ ਗ੍ਰਿਫਤਾਰ ਕਰ ਲਿਆ ਹੈ, ਡੀ.ਐਸ.ਪੀ.
ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਅਸੀਂ ਇੱਕ ਹਮਲਾਵਰ ਨੂੰ ਫੜਿਆ ਹੈ। ਹਮਲਾਵਰਾਂ ਦੀ ਬੱਸ ਦੇ ਡਰਾਈਵਰ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਇਹ ਹਮਲਾ ਕੀਤਾ ਗਿਆ। ਸਾਰੇ ਬੱਚੇ ਸੁਰੱਖਿਅਤ ਹਨ, ਸਾਰਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸਾਨੂੰ ਬੱਸ ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਬਾਕੀ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।