ਪੰਜਾਬ ਵਿਚ ਜਿਲ੍ਹਾ ਫਰੀਦਕੋਟ ਦੇ ਪਿੰਡ ਬੁੱਟਰ ‘ਚ ਬੀਤੀ ਰਾਤ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਖੇਤਾਂ ‘ਚ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਦੀ ਪਤਨੀ ਕਰਮਜੀਤ ਕੌਰ ਉਮਰ 40 ਸਾਲ ਗਰਮੀ ਤੋਂ ਰਾਹਤ ਪਾਉਣ ਲਈ ਬੀਤੀ ਰਾਤ ਖਾਣਾ ਬਣਾ ਕੇ ਇਸ਼ਨਾਨ ਕਰ ਰਹੀ ਸੀ ਤਾਂ ਉਸ ਦੇ ਪਤੀ ਬਲਵੰਤ ਸਿੰਘ ਨੇ ਪਿੱਛੇ ਤੋਂ ਆ ਕੇ ਕਹੀ ਨਾਲ ਉਸ ਦੀ ਗਰਦਨ ਅਤੇ ਨੱਕ ’ਤੇ ਦੋ ਵਾਰ ਕਰ ਦਿੱਤੇ। ਕਰਮਜੀਤ ਕੌਰ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਹੋਇਆ ਇਕੱਠ ਦੇਖ ਕੇ ਬਲਵੰਤ ਮੌਕੇ ਤੋਂ ਫਰਾਰ ਹੋ ਗਿਆ।
ਕਰਮਜੀਤ ਕੌਰ ਦੇ ਦਿਉਰ ਨਾਨਕ ਸਿੰਘ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਰਮਜੀਤ ਕੌਰ ਨੂੰ ਫਰੀਦਕੋਟ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਤਨੀ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋਏ ਬਲਵੰਤ ਸਿੰਘ ਉਮਰ 45 ਸਾਲ ਨੇ ਘਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਪਿੰਡ ਚਾਨੀਆਂ ਕੋਲੋਂ ਲੰਘਦੀ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਆਪਣੀ ਸਾਫੇ ਨੂੰ ਦਰੱਖਤ ਨਾਲ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦਾ ਪਤਾ ਉਸ ਸਮੇਂ ਲੱਗਾ ਜਦੋਂ ਕਿਸਾਨ ਖੇਤਾਂ ਵਿੱਚ ਮੋਟਰ ਤੇ ਗਏ ਤਾਂ ਉਨ੍ਹਾਂ ਨੂੰ ਬਲਵੰਤ ਸਿੰਘ ਦੇ ਦਰੱਖਤ ਨਾਲ ਲਟਕਣ ਬਾਰੇ ਪਤਾ ਲੱਗਿਆ।
ਪਿੰਡ ਵਾਸੀਆਂ ਨੇ ਸਾਦਿਕ ਪੁਲੀਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਕਤਲ ਦੀ ਘਟਨਾ ਤੋਂ ਬਾਅਦ ਬਲਵੰਤ ਸਿੰਘ ਨੇ ਖੇਤਾਂ ਵਿੱਚ ਫਾਹਾ ਲੈ ਲਿਆ। ਮ੍ਰਿਤਕ ਆਪਣੇ ਪਿੱਛੇ 7 ਲੜਕੀਆਂ ਅਤੇ ਇੱਕ ਛੋਟਾ ਲੜਕਾ ਛੱਡ ਗਿਆ ਹੈ। ਵਰਨਣਯੋਗ ਹੈ ਕਿ ਕਰਮਜੀਤ ਕੌਰ ਦੀ ਸਭ ਤੋਂ ਛੋਟੀ ਬੇਟੀ ਤਿੰਨ ਸਾਲ ਅਤੇ ਬੇਟਾ ਪੰਜ ਸਾਲ ਦਾ ਹੈ। ਇੱਕ ਲੜਕੀ ਦਾ ਪਿੰਡ ਅਰਾਈਆਂਵਾਲਾ ਵਿੱਚ ਵਿਆਹ ਹੋਇਆ ਹੈ ਅਤੇ ਬਾਕੀ ਬੱਚੇ ਨਾਬਾਲਗ ਹਨ। ਪਿੰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵੰਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ।
ਹਰ ਸਾਲ ਝੋਨੇ ਦੇ ਸੀਜ਼ਨ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਬਿਮਾਰ ਹੋ ਜਾਂਦਾ ਸੀ ਅਤੇ ਪਾਗਲਾਂ ਵਾਂਗ ਵਿਵਹਾਰ ਕਰਦਾ ਸੀ, ਕੁਝ ਸਮੇਂ ਬਾਅਦ ਉਹ ਠੀਕ ਹੋ ਜਾਂਦਾ ਸੀ। ਪਿੰਡ ਵਾਸੀ ਇਸ ਘਟਨਾ ਨੂੰ ਉਸ ਦੀ ਮਾਨਸਿਕ ਸਿਹਤ ਵਿਗੜਨ ਨਾਲ ਜੋੜ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਆਪਸ ਵਿਚ ਝਗੜਾ ਕਰਦੇ ਰਹਿੰਦੇ ਸਨ ਅਤੇ ਉਹ ਪਤਨੀ ਦੀ ਕੁੱਟਮਾਰ ਕਰਦਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮਾਮੂਲੀ ਘਰੇਲੂ ਝਗੜੇ ਦਾ ਇੰਨਾ ਦੁਖਦਾਈ ਢੰਗ ਨਾਲ ਅੰਤ ਹੋ ਜਾਵੇਗਾ।
ਕਤਲ ਅਤੇ ਖੁਦਕੁਸ਼ੀ ਕਾਰਨ ਮਾਸੂਮ ਬੱਚੇ ਆਪਣੇ ਮਾਪਿਆਂ ਦੇ ਪਰਛਾਵੇਂ ਤੋਂ ਵਾਂਝੇ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਮੁਖੀ ਸਾਦਿਕ ਅਮਨਦੀਪ ਸਿੰਘ ਪੁਲਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਹਾਲਾਂਕਿ ਘਟਨਾ ਦੇ ਕਾਰਨਾਂ ਦੀ ਜਾਂਚ ਜਾਰੀ ਹੈ।