ਇਹ ਦੁਖਦਾਈ ਖ਼ਬਰ ਪੰਜਾਬ ਦੇ ਮੋਗਾ ਤੋਂ ਸਾਹਮਣੇ ਆਈ ਹੈ। ਪੰਜਾਬ ਦੇ ਮੋਗਾ ਵਿਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਯੋਗੇਸ਼ ਗੋਇਲ ਨੇ ਬੀਤੀ ਰਾਤ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਰਾਤ ਨੂੰ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮਥੁਰਾਦਾਸ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਸ਼ਹਿਰ ਦੇ ਮੰਨੇ-ਪ੍ਰਮੰਨੇ ਕਾਰੋਬਾਰੀਆਂ ਵਿਚ ਸ਼ਾਮਲ ਯੋਗੇਸ ਦੀ ਅਚਾਨਕ ਖੁਦਕੁਸ਼ੀ ਕਰਨ ਨੂੰ ਲੈ ਕੇ ਸ਼ਹਿਰ ਦੇ ਲੋਕ ਹੈਰਾਨ ਹਨ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਕੋਈ ਨਹੀਂ ਹੋਇਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੋਗਾ ਸ਼ਹਿਰ ਦੇ ਮੁੱਖ ਔਰਬਿਟ ਸਿਨੇਮਾ ਅਤੇ ਹੋਟਲ ਦੇ ਮਾਲਕ ਯੋਗੇਸ਼ ਗੋਇਲ ਨੇ ਸ਼ੁੱਕਰਵਾਰ ਰਾਤ ਨੂੰ ਖੁਦ ਨੂੰ ਗੋਲੀ ਮਾਰ ਲਈ। ਉਸ ਨੇ ਕਿਹੜੇ ਹਾਲਾਤਾਂ ਵਿੱਚ ਗੋਲੀ ਮਿਰੀ, ਇਸ ਬਾਰੇ ਅਜੇ ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ ਹੈ। ਯੋਗੇਸ਼ ਗੋਇਲ ਸਿਰਫ਼ ਵਪਾਰੀ ਅਤੇ ਅਕਾਲੀ ਦਲ ਦੇ ਆਗੂ ਹੀ ਨਹੀਂ ਰਹੇ, ਬਲਕਿ ਉਹ ਆਰੀਆ ਸਮਾਜ ਨਾਲ ਸਬੰਧਤ ਪੰਜ ਵਿਦਿਅਕ ਅਦਾਰਿਆਂ ਡੀ.ਐਮ.ਕਾਲਜ, ਬੀ.ਐਡ ਕਾਲਜ ਆਦਿ ਦੀ ਪ੍ਰਬੰਧਕੀ ਕਮੇਟੀ ਵਿੱਚ ਵੀ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ।
ਸ਼ਨੀਵਾਰ ਸਵੇਰੇ ਪੰਜ ਵਜੇ ਜਿਵੇਂ ਹੀ ਯੋਗੇਸ਼ ਗੋਇਲ ਦੀ ਆਤਮ ਹੱਤਿਆ ਦੀ ਖ਼ਬਰ ਫੈਲੀ ਇਹ ਖ਼ਬਰ ਸੁਣਦਿਆਂ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਨੂੰ ਜਾਨਣ ਵਾਲਿਆਂ ਮੁਤਾਬਕ ਯੋਗੇਸ਼ ਗੋਇਲ ਜਿੰਦਾ ਦਿਲ ਵਿਅਕਤੀ ਸਨ, ਹਮੇਸ਼ਾ ਸਾਰਿਆਂ ਨਾਲ ਪਿਆਰ ਨਾਲ ਗੱਲਬਾਤ ਕਰਦੇ ਸਨ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਇਹ ਦਿੱਗਜ ਆਗੂ ਜਥੇਦਾਰ ਤੋਤਾ ਸਿੰਘ ਦੇ ਮੋਗੇ ਵਿੱਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਤੂਤੀ ਬੋਲਦੀ ਸੀ। ਉਸ ਸਮੇਂ ਯੋਗੇਸ਼ ਗੋਇਲ ਜਥੇਦਾਰ ਦੇ ਬਹੁਤ ਕਰੀਬੀ ਸਨ। ਇਸ ਲਈ ਭਾਜਪਾ ਦੇ ਕੋਟੇ ਦੀ ਸੀਟ ਕੱਟ ਕੇ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ।