ਪੰਜਾਬ ਵਿਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਵਿੱਚ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਉਮਰ 22 ਸਾਲ ਵਜੋਂ ਹੋਈ ਹੈ। ਸੰਦੀਪ ਦਾ ਵਿਆਹ ਦੋ ਸਾਲ ਪਹਿਲਾਂ ਪ੍ਰਵਾਸੀ ਮਜ਼ਦੂਰ ਸਰਸਵਤੀ ਨਾਲ ਹੋਇਆ ਸੀ। ਪੁਲਸ ਨੇ ਹੁਣ ਪਤਨੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਫੈਕਟਰੀ ਵਿਚ ਹੋਈ ਸੀ ਦੋਵਾਂ ਦੀ ਜਾਣ ਪਹਿਚਾਣ
ਪ੍ਰਾਪਤ ਜਾਣਕਾਰੀ ਮੁਤਾਬਕ ਫੈਕਟਰੀ ਵਿਚ ਕੰਮ ਕਰਨ ਵਾਲੇ ਸੰਦੀਪ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਓਡੀਸ਼ਾ ਦੀ ਰਹਿਣ ਵਾਲੀ ਸਰਸਵਤੀ ਨਾਂ ਦੀ ਔਰਤ ਨਾਲ ਹੋਇਆ ਸੀ, ਜੋ ਉਸ ਦੇ ਨਾਲ ਕੰਮ ਕਰਦੀ ਸੀ। ਪਤੀ-ਪਤਨੀ ਪਿੰਡ ਗਹਿਰੀ ਬੁੱਟਰ ਵਿੱਚ ਆਪਣੇ ਘਰ ਰਹਿ ਰਹੇ ਸਨ। ਮ੍ਰਿਤਕ ਨੌਜਵਾਨ ਦੇ ਭਰਾ ਲਵਦੀਪ ਸਿੰਘ ਨੇ ਦੱਸਿਆ ਕਿ ਸੰਦੀਪ ਦੀ ਪਤਨੀ ਨੇ ਕੋਲਡ ਡਰਿੰਕ ਵਿੱਚ ਨੀਂਦ ਦੀ ਕੋਈ ਦਵਾਈ ਪਾ ਦਿੱਤੀ। ਇਸ ਤੋਂ ਬਾਅਦ ਜਦੋਂ ਉਹ ਗੂੜ੍ਹੀ ਨੀਂਦ ਵਿਚ ਡਿੱਗ ਗਿਆ ਤਾਂ ਉਸ ਦੇ ਸਿਰ ਤੇ ਕਿਸੇ ਚੀਜ਼ ਨੂੰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਈ।
ਆਧਾਰ ਕਾਰਡ ਪਿੰਡ ਦਾ ਹੀ ਹੈ
ਲਵਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭਰਜਾਈ ਮੌਕੇ ਤੋਂ ਫਰਾਰ ਹੋ ਗਈ ਹੈ। ਉਕਤ ਔਰਤ ਬਾਰੇ ਸਿਰਫ ਇੰਨਾ ਹੀ ਪਤਾ ਹੈ ਕਿ ਉਹ ਓਡੀਸ਼ਾ ਦੀ ਰਹਿਣ ਵਾਲੀ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਵਿਆਹ ਤੋਂ ਬਾਅਦ ਉਸ ਦਾ ਆਧਾਰ ਕਾਰਡ ਵੀ ਪਿੰਡ ਗਹਿਰੀ ਬੁੱਟਰ ਦੇ ਪਤੇ ’ਤੇ ਦਰਜ ਹੈ।
ਕਤਲ ’ਚ ਵਰਤੇ ਗਏ ਹਥਿਆਰ ਜਬਤ
ਕਤਲ ਦੀ ਸੂਚਨਾ ਮਿਲਣ ’ਤੇ ਥਾਣਾ ਸੰਗਤ ਮੰਡੀ ਦੇ ਐਸਐਚਓ ਜਸਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਸ ਨੇ ਕਤਲ ਦੇ ਹਥਿਆਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਸੰਦੀਪ ਸਿੰਘ ਦਾ ਕਤਲ ਉਸ ਦੀ ਪਤਨੀ ਨੇ ਹੀ ਕੀਤਾ ਹੈ। ਉਕਤ ਔਰਤ ਖਿਲਾਫ ਥਾਣਾ ਸੰਗਤ ਮੰਡੀ ‘ਚ ਕਤਲ ਦਾ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।