ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਥਾਣਾ ਕੋਤਵਾਲੀ ਨਾਭਾ ਦੇ ਇਲਾਕੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪੁਰਾਣੀ ਹਾਈਕੋਰਟ ਦੇ ਮੈਦਾਨ ਵਿਚ ਸੁੱਟ ਦਿੱਤਾ ਗਿਆ। ਇਹ ਲਾਸ਼ ਐਤਵਾਰ ਰਾਤ 12 ਵਜੇ ਤੋਂ ਬਾਅਦ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਭੇਜ ਦਿੱਤਾ ਗਿਆ। ਦੇਰ ਰਾਤ ਲਾਸ਼ ਦੀ ਪਛਾਣ ਔਂਕਾਰ ਸਿੰਘ ਉਰਫ਼ ਇਲੂ ਉਮਰ ਕਰੀਬ 31 ਸਾਲ ਵਾਸੀ ਡਿਫੈਂਸ ਕਲੋਨੀ ਵਜੋਂ ਹੋਈ ਹੈ।
ਔਂਕਾਰ ਦੀ ਗਰਦਨ ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ। ਇਸ ਲਾਸ਼ ਨੂੰ ਸਭ ਤੋਂ ਪਹਿਲਾਂ ਚੌਕੀਦਾਰ ਨੇ ਦੇਖਿਆ, ਜਿਸ ਤੋਂ ਬਾਅਦ ਕੌਂਸਲਰ ਪੰਕਜ ਅਤੇ ਇਲਾਕਾ ਨਿਵਾਸੀ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪੁਲੀਸ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਗੋਪਾਲ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਸ਼ਨਾਖਤ ਲਈ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਔਂਕਾਰ ਨੂੰ ਘਰੋਂ ਬੁਲਾਇਆ ਗਿਆ ਸੀ
ਮ੍ਰਿਤਕ ਦੇ ਦੋਸਤ ਰਾਕੇਸ਼ ਕੁਮਾਰ ਨੇ ਦੱਸਿਆ ਹੈ ਕਿ ਸ਼ਨੀਵਾਰ ਰਾਤ ਕਰੀਬ ਅੱਠ ਵਜੇ ਔਂਕਾਰ ਨੂੰ ਕੋਈ ਦੋਸਤ ਆਪਣੇ ਨਾਲ ਲੈ ਗਿਆ। ਔਂਕਾਰ ਦਾ ਦੋਸਤ ਬੁਲੇਟ ਉਤੇ ਸਵਾਰ ਹੋ ਕੇ ਆਇਆ ਸੀ। ਜਿਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਦੇਰ ਰਾਤ 12 ਵਜੇ ਤੋਂ ਬਾਅਦ ਸੂਚਨਾ ਮਿਲੀ ਕਿ ਪੁਰਾਣੀ ਹਾਈਕੋਰਟ ਗਰਾਊਂਡ ਵਿੱਚ ਇੱਕ ਲਾਸ਼ ਪਈ ਹੈ, ਜਿੱਥੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ ਗਈ। ਔਂਕਾਰ ਦੇ ਗਲੇ ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕੀਤਾ ਗਿਆ ਸੀ ਅਤੇ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਉਤੇ ਵੀ ਸੱਟਾਂ ਦੇ ਨਿਸ਼ਾਨ ਪਾਏ ਗਏ ਸਨ।
ਰਾਕੇਸ਼ ਕੁਮਾਰ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਔਂਕਾਰ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ, ਹਾਲਾਂਕਿ ਝਗੜੇ ਤੋਂ ਬਾਅਦ ਦੋਵੇਂ ਧਿਰਾਂ ਉਥੋਂ ਚਲੀਆਂ ਗਈਆਂ ਸਨ। ਔਂਕਾਰ ਦੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਔਂਕਾਰ ਦੱਸ ਰਿਹਾ ਸੀ ਕਿ ਉਕਤ ਨੌਜਵਾਨ ਉਸ ਨੂੰ ਅਕਸਰ ਧਮਕੀਆਂ ਦਿੰਦੇ ਰਹਿੰਦੇ ਸਨ।