ਇਹ ਮੰਦਭਾਗੀ ਖ਼ਬਰ ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਧੋਗੜੀ ਦੇ ਛੱਪੜਨੁਮਾ ਤਲਾਅ ਵਿਚ ਸੋਮਵਾਰ ਨੂੰ ਦੋਸਤਾਂ ਨਾਲ ਨਹਾਉਣ ਗਿਆ ਬੱਚਾ ਡੁੱਬ ਗਿਆ। ਮੰਗਲਵਾਰ ਨੂੰ ਸਵੇਰੇ ਉਸ ਦੀ ਲਾਸ਼ ਛੱਪੜ ਦੇ ਕੰਢੇ ਤੋਂ ਮਿਲੀ। ਸੂਚਨਾ ਮਿਲਦੇ ਹੀ ਡੀਐਸਪੀ ਹਲਕਾ ਆਦਮਪੁਰ ਸਰਬਜੀਤ ਸਿੰਘ ਰਾਏ, ਐਸਐਚਓ ਆਦਮਪੁਰ ਰਾਜੀਵ ਕੁਮਾਰ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਫਿਲਹਾਲ ਮ੍ਰਿਤਕ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮ੍ਰਿਤਕ ਬੱਚੇ ਦੀ ਪਛਾਣ ਜਸ਼ਨਦੀਪ ਵਜੋਂ ਹੋਈ ਹੈ, ਜੋ ਕਿ ਇੱਕ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਹੈ। ਬੱਚੇ ਦੀ ਮਾਂ ਅਨੀਤਾ ਅਤੇ ਪਿਤਾ ਬਲਜੀਤ ਸਿੰਘ ਵਾਸੀ ਪਿੰਡ ਧੋਗੜੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਲੜਕਾ ਸੋਮਵਾਰ ਤੜਕੇ ਕਰੀਬ 2 ਵਜੇ ਘਰ ਆਇਆ ਅਤੇ ਸਕੂਲ ਬੈਗ ਛੱਡ ਕੇ ਚਲਾ ਗਿਆ। ਜਦੋਂ ਜਸ਼ਨਦੀਪ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੀ ਪਿੰਡ ਵਿੱਚ ਭਾਲ ਕੀਤੀ ਗਈ। ਜਸ਼ਦੀਪ ਦਾ ਪਤਾ ਨਾ ਲੱਗਣ ’ਤੇ ਪਰਿਵਾਰ ਨੇ ਥਾਣਾ ਜੰਡੂ ਸਿੰਘਾ ਦੇ ਸਟਾਫ਼ ਨੂੰ ਇਸ ਬਾਰੇ ਸੂਚਿਤ ਕੀਤਾ।
ਪਿਤਾ ਬਲਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ 7 ਵਜੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਛੱਪੜ ਵਿੱਚ ਪਈ ਹੈ। ਉਨ੍ਹਾਂ ਨੇ ਤੁਰੰਤ ਹੀ ਜੰਡੂ ਸਿੰਘਾ ਪੁਲੀਸ ਨੂੰ ਸੂਚਿਤ ਕੀਤਾ। ਡੀਐਸਪੀ ਹਲਕਾ ਆਦਮਪੁਰ ਸਰਬਜੀਤ ਸਿੰਘ ਰਾਏ, ਐਸਐਚਓ ਆਦਮਪੁਰ ਰਾਜੀਵ ਕੁਮਾਰ ਅਤੇ ਹੋਰ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਜਸ਼ਨਦੀਪ ਅਤੇ ਉਸ ਦੇ ਕੁਝ ਦੋਸਤ ਛੱਪੜ ਵਿੱਚ ਨਹਾਉਣ ਆਏ ਸਨ। ਨਾਲ ਲੱਗਦੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਨੇ ਬੱਚਿਆਂ ਨੂੰ ਰੌਲਾ ਪਾ ਕੇ ਕਿਹਾ ਕਿ ਛੱਪੜ ਡੂੰਘਾ ਹੈ।
ਕਿਸਾਨ ਦੀ ਅਵਾਜ਼ ਸੁਣਦੇ ਹੀ ਕੁਝ ਬੱਚੇ ਮੌਕੇ ਤੋਂ ਚਲੇ ਗਏ ਪਰ ਜਸ਼ਨਦੀਪ ਉਥੇ ਹੀ ਰਹਿ ਗਿਆ। ਇਸ ਕਾਰਨ ਛੱਪੜ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਜਸ਼ਨਦੀਪ ਦੀ ਮਾਂ ਅਨੀਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਅਤੇ ਇੱਕ ਬੇਟੀ ਹੈ। ਪੁਲਸ ਜਾਂਚ ਵਿਚ ਜਸ਼ਦੀਪ ਦੇ ਦੋਸਤਾਂ ਤੋਂ ਪੁੱਛਗਿੱਛ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਫਿਲਹਾਲ ਪੁਲਸ ਨੇ ਧਾਰਾ-174 ਤਹਿਤ ਕਾਰਵਾਈ ਕਰਦੇ ਹੋਏ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।