ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਜਿਊਲਰਜ਼ ਦੀ ਦੁਕਾਨ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਗੁਆਂਢ ਵਿੱਚ ਖਾਲੀ ਪਏ ਪਲਾਟ ‘ਚੋਂ ਦੁਕਾਨ ਦੀ ਛੱਤ ‘ਤੇ ਦਾਖਲ ਹੋਏ। ਇਸ ਦੇ ਨਾਲ ਹੀ ਚੋਰ ਗੈਸ ਕਟਰ ਦੀ ਮਦਦ ਨਾਲ ਛੱਤ ਦਾ ਦਰਵਾਜ਼ਾ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਰੀਬ 20 ਤੋਂ 25 ਲੱਖ ਰੁਪਏ ਦੀ ਚੋਰੀ ਹੋਈ ਹੈ। ਇਹ ਘਟਨਾ ਸਮਰਾਲਾ ਚੌਕ ਨੇੜੇ ਗੁਰੂ ਅਰਜਨ ਦੇਵ ਨਗਰ ਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸਵੇਰੇ ਜਦੋਂ ਉਸ ਨੇ ਦੁਕਾਨ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਦੇਖਣ ਲਈ ਆਪਣਾ ਮੋਬਾਈਲ ਚਾਲੂ ਕੀਤਾ ਤਾਂ ਸਾਰੇ ਕੈਮਰੇ ਬੰਦ ਪਏ ਸਨ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਲਾਈਟ ਬੰਦ ਹੋਣ ਕਾਰਨ ਅਜਿਹਾ ਨਾ ਹੋਇਆ ਹੋਵੇ। ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੁਕਾਨ ਦੀ ਸੇਫ਼ ਖੁੱਲ੍ਹੀ ਪਈ ਸੀ। ਸੋਨੇ-ਚਾਂਦੀ ਦੇ ਗਹਿਣਿਆਂ ਦੇ ਡੱਬੇ ਖੁੱਲ੍ਹੇ ਪਏ ਸਨ।
ਚੋਰੀ ਦੀ ਘਟਨਾ ਤੋਂ ਤੁਰੰਤ ਬਾਅਦ ਉਸ ਨੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੂੰ ਸੂਚਿਤ ਕੀਤਾ। ਸੁਖਜੀਤ ਅਨੁਸਾਰ ਕਰੀਬ 20 ਤੋਂ 25 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ ਹਨ। ਏਸੀਪੀ ਗੁਰਦੇਵ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ। ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਰਾਜੂ ਦੀ ਗਹਿਣਿਆਂ ਦੀ ਦੁਕਾਨ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੈਸ ਕਟਰ ਨਾਲ ਕੱਟਿਆ ਦਰਵਾਜ਼ਾ, WIFI ਅਤੇ DVR
ਦੁਕਾਨ ਦੇ ਮਾਲਕ ਸੁਖਜੀਤ ਸਿੰਘ ਨੇ ਦੱਸਿਆ ਕਿ ਚੋਰ ਦੇਰ ਰਾਤ ਦੁਕਾਨ ਦੀ ਛੱਤ ‘ਤੇ ਪਹੁੰਚੇ ਅਤੇ ਹੇਠਾਂ ਉਤਰਨ ਵਾਲਾ ਦਰਵਾਜ਼ਾ ਗੈਸ ਕੱਟਰ ਨਾਲ ਕੱਟ ਕੇ ਦੁਕਾਨ ਅੰਦਰ ਦਾਖਲ ਹੋ ਗਏ। ਦੋਸ਼ੀ ਇੰਨੇ ਚਲਾਕ ਨਿਕਲੇ ਕਿ ਦੁਕਾਨ ‘ਚ ਲੱਗਾ ਵਾਈਫਾਈ ਅਤੇ ਡੀਵੀਆਰ ਵੀ ਲੈ ਗਏ। ਪੁਲਿਸ ਵੱਲੋਂ ਇਲਾਕੇ ਦੀਆਂ ਹੋਰ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੂਰੇ ਮੁਹੱਲੇ ਦੀ ਲਾਇਟ ਬੰਦ ਕਰਕੇ ਦੁਕਾਨ ਅੰਦਰ ਹੋਏ ਦਾਖਲ
ਦੁਕਾਨ ਦੇ ਬਾਹਰ ਪੂਰੇ ਮੁਹੱਲੇ ਦੀਆਂ ਸਟਰੀਟ ਲਾਈਟਾਂ ਦਾ ਬਾਕਸ ਲੱਗਿਆ ਹੋਇਆ ਹੈ। ਚੋਰਾਂ ਨੇ ਦੇਰ ਰਾਤ 2 ਵਜੇ ਉਕਤ ਬਾਕਸ ‘ਚੋਂ ਲਾਈਟਾਂ ਬੰਦ ਕਰ ਦਿੱਤੀ, ਜਿਸ ਨਾਲ ਪੂਰੇ ਇਲਾਕੇ ਵਿਚ ਹਨੇਰਾ ਛਾ ਗਿਆ। ਹਨੇਰਾ ਹੋਣ ਤੋਂ ਬਾਅਦ ਚੋਰ ਦੁਕਾਨ ਦੇ ਨੇੜੇ ਪਲਾਟ ਕੋਲ ਦੀਵਾਰ ਦੀ ਪੌੜੀ ਤੋਂ ਛੱਤ ਵਿੱਚ ਦਾਖਲ ਹੋਏ। ਪੁਲਸ ਮੁਤਾਬਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਰਹੀ ਹੈ। ਦੁਕਾਨ ਤੋਂ ਸੈਂਪਲ ਲਏ ਜਾਣਗੇ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।