ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਸ਼ਹਿਰ ਦੇ ਯੂਰੋ ਕਿਡਜ਼ ਸਕੂਲ ‘ਚ ਨਰਸਰੀ ਕਲਾਸ ‘ਚ ਪੜ੍ਹਦੇ 4 ਸਾਲਾ ਲੜਕੇ ਹਰਨਵ ਸਿੰਘ ਨੇ ਆਪਣੀ ਕਾਬਲੀਅਤ ਦੇ ਦਮ ‘ਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾ ਲਿਆ ਹੈ, ਜਦਕਿ 3 ਮਹੀਨੇ ਪਹਿਲਾਂ ਇਸ ਹੋਣਹਾਰ ਬੱਚੇ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ ਸੀ।
ਇਹ ਬੱਚਾ ਪਿੰਡ ਨਬੀਪੁਰ ਦਾ ਵਸਨੀਕ ਹੈ, ਜਿਸ ਦੇ ਪਿਤਾ ਅਮਨਦੀਪ ਸਿੰਘ ਕੈਨੇਡਾ ਵਿੱਚ ਹਨ ਅਤੇ ਉਹ ਆਪਣੀ ਮਾਂ ਈਸ਼ਾ ਸ਼ਰਮਾ ਦੇ ਨਾਲ ਦਾਦਾ ਅਮਰੀਕ ਸਿੰਘ ਅਤੇ ਦਾਦੀ ਪਰਮਜੀਤ ਕੌਰ ਨਾਲ ਰਹਿ ਰਿਹਾ ਹੈ। ਹਰਨਵ ਸਿੰਘ ਦੀ ਮਾਂ ਈਸ਼ਾ ਸ਼ਰਮਾ ਨੇ ਦੱਸਿਆ ਕਿ ਜਦੋਂ ਹਰਨਵ ਸਿੰਘ ਨੂੰ ਹੋਸ਼ ਆਇਆ ਤਾਂ ਉਸ ਨੂੰ ਪਹਿਲੇ ਦਿਨ ਤੋਂ ਹੀ ਕਾਰਟੂਨ ਅਤੇ ਡਾਇਨਾਸੌਰ ਵਰਗੇ ਜਾਨਵਰਾਂ ਵਿਚ ਬਹੁਤ ਦਿਲਚਸਪੀ ਸੀ। ਉਹ ਡਿਸਕਵਰੀ ਚੈਨਲ ਵੀ ਬਹੁਤ ਦਿਲਚਸਪੀ ਨਾਲ ਦੇਖਦਾ ਹੈ ਅਤੇ ਜਦੋਂ ਉਹ 3 ਸਾਲ ਦਾ ਸੀ ਤਾਂ ਉਸਨੇ ਡਾਇਨਾਸੌਰ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਨਾਮ ਵੀ ਯਾਦ ਰੱਖਣੇ ਸ਼ੁਰੂ ਕਰ ਦਿੱਤੇ। ਕੁਝ ਦਿਨਾਂ ਦੇ ਅੰਦਰ, ਉਸਨੇ 60 ਤੋਂ ਵੱਧ ਡਾਇਨਾਸੌਰਾਂ ਦੇ ਨਾਮ ਅਤੇ ਪਛਾਣਾਂ ਨੂੰ ਯਾਦ ਕਰ ਲਿਆ। ਫਿਰ ਉਸ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ਮੁਕਾਬਲੇ ਲਈ ਅਪਲਾਈ ਕੀਤਾ।
ਉਨ੍ਹਾਂ ਦੱਸਿਆ ਕਿ ਹਰਨਵ ਨੇ 3 ਸਾਲ 8 ਮਹੀਨੇ ਦੀ ਉਮਰ ਵਿੱਚ ਜਨਰਲ ਗਿਆਨ ਸਮੇਤ ਸਵਾਲਾਂ ਦੇ ਜਵਾਬ ਦੇ ਕੇ, 64 ਡਾਇਨਾਸੌਰਾਂ ਦੇ ਨਾਂ ਸੁਣਾ ਕੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਉਸ ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਲਈ ਵੀ ਅਪਲਾਈ ਕੀਤਾ ਹੈ ਅਤੇ ਉਸ ਨੇ ਸਿਰਫ 1 ਮਿੰਟ ‘ਚ 35 ਡਾਇਨਾਸੌਰਾਂ ਦੇ ਨਾਮ ਸੁਣਾਕੇ ਵਿਸ਼ਵ ਪੱਧਰ ਦਾ ਰਿਕਾਰਡ ਤੋੜ ਦਿੱਤਾ ਹੈ।
ਇਸ ਕਾਰਨ ਉਸ ਦਾ ਨਾਂ ਇਸ ਬੁਕ ਵਿੱਚ ਵੀ ਦਰਜ ਹੋ ਗਿਆ ਹੈ। ਯੂਰੋ ਕਿਡਜ਼ ਸਕੂਲ ਦੀ ਪ੍ਰਿੰਸੀਪਲ ਕਪਿਲਾ ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹੋਣਹਾਰ ਬੱਚੇ ’ਤੇ ਮਾਣ ਹੈ ਅਤੇ ਹੁਣ ਉਹ ਇਸ ਨੂੰ ਲਿਮਕਾ ਬੁੱਕ ਅਤੇ ਗਿਨੀਜ਼ ਬੁੱਕ ਆਫ ਰਿਕਾਰਡਜ਼ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਬੱਚੇ ਦੀ ਪ੍ਰਾਪਤੀ ਲਈ ਪ੍ਰਿੰਸੀਪਲ ਕਪਿਲਾ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।