ਪੰਜਾਬ ਦੇ ਜਿਲ੍ਹਾ ਗੁਰਦਾਸਪੁਰ, ਦੀਨਾਨਗਰ ਦੇ ਨੇੜਲੇ ਪਿੰਡ ਮੁੰਨਾਂਵਾਲੀ ਦੇ ਇੱਕ ਨੌਜਵਾਨ ਦੀ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇਸ ਘਟਨਾ ਨੂੰ ਕਤਲ ਕਰਾਰ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ, ਜਦਕਿ ਸੂਰਤ ਪੁਲਿਸ ਇਸ ਘਟਨਾ ਨੂੰ ਖੁਦਕੁਸ਼ੀ ਦੱਸ ਰਹੀ ਹੈ। ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਮ੍ਰਿਤਕ ਨੌਜਵਾਨ ਨੇ ਇੰਟਰਨੈੱਟ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਆਪਣਾ ਕਤਲ ਕੀਤੇ ਜਾਣ ਦੀ ਸ਼ੱਕ ਜਤਾਉਂਦੇ ਮਿਨਤ ਕਰਦੇ ਹੋਏ ਮਦਦ ਦੀ ਗੁਹਾਰ ਲਗਾਈ ਸੀ। ਇਸ ਨਾਲ ਉਸ ਦੇ ਕਤਲ ਦਾ ਸ਼ੱਕ ਹੋਰ ਗੂੜ੍ਹਾ ਹੋ ਗਿਆ ਹੈ।
ਮ੍ਰਿਤਕ ਨੌਜਵਾਨ ਦੀਪਕ ਉਮਰ 26 ਸਾਲ ਪੁੱਤਰ ਰਾਜ ਕੁਮਾਰ ਵਾਸੀ ਮੁੰਨਾਂਵਾਲੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੀਪਕ ਪੰਜ ਭੈਣਾਂ ਦਾ ਇਕਲੌਤਾ ਭਰਾ ਢਾਈ ਸਾਲ ਪਹਿਲਾਂ ਨੌਕਰੀ ਲਈ ਗੁਜਰਾਤ ਗਿਆ ਸੀ। ਉੱਥੇ ਉਹ ਸੂਰਤ ਸ਼ਹਿਰ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਦੀਪਕ ਦੀ ਭੈਣ ਨੇ ਦੱਸਿਆ ਕਿ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਦੀਪਕ ਨੇ ਇੰਟਰਨੈੱਟ ਮੀਡੀਆ ‘ਤੇ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਉਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਅਤੇ ਮਦਦ ਦੀ ਗੁਹਾਰ ਲਗਾਈ ਸੀ।
ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਦੀਪਕ ਨੇ ਕਿਹਾ ਸੀ ਕਿ ਜੇਕਰ ਉਸ ਦਾ ਫੋਨ ਸਵਿੱਚ ਆਫ ਹੈ ਤਾਂ ਸਮਝੋ ਕਿ ਉਸ ਦਾ ਕਤਲ ਹੋ ਗਿਆ ਹੈ। ਵੀਡੀਓ ‘ਚ ਬੁਰੀ ਤਰ੍ਹਾਂ ਸਹਿਮੇ ਨਜ਼ਰ ਆ ਰਹੇ ਦੀਪਕ ਨੇ ਆਪਣੀ ਮੌਤ ਤੋਂ ਪਹਿਲਾਂ ਬਣਾਈ ਗਈ ਵੀਡੀਓ ‘ਚ ਇਹ ਵੀ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ‘ਤੇ ਵੀ ਨਸ਼ੇ ਦਾ ਆਦੀ ਹੋਣ ਦਾ ਦੋਸ਼ ਲਗਾਇਆ ਜਾਵੇਗਾ, ਪਰ ਉਹ ਕੋਈ ਨਸ਼ਾ ਨਹੀਂ ਕਰਦਾ। ਬਲਕਿ ਉਸ ਨੂੰ ਬੁਖਾਰ ਹੋ ਗਿਆ ਹੈ। ਕੰਪਨੀ ਦੇ ਲੋਕ ਉਸ ਦੀ ਦਵਾਈ ਦਾ ਵੀ ਇੰਤਜ਼ਾਮ ਵੀ ਨਹੀਂ ਕਰ ਰਹੇ।
ਵੀਡੀਓ ਜਾਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਹੋਈ ਮੌਤ
ਦੀਪਕ ਦੀ ਭੈਣ ਨੇ ਦੱਸਿਆ ਕਿ ਦੀਪਕ ਵੱਲੋਂ ਵੀਡੀਓ ਜਾਰੀ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਉਸ ਦਾ ਮੋਬਾਈਲ ਫ਼ੋਨ ਬੰਦ ਹੋ ਗਿਆ ਸੀ। ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ ਹੈ। ਇਸ ਤੋਂ ਸਪੱਸ਼ਟ ਹੈ ਕਿ ਉਸ ਦੇ ਭਰਾ ਦੀਪਕ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੀਪਕ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।