ਪੰਜਾਬ ਵਿਚ ਜਲੰਧਰ ਦੇ ਪਰਲ ਹਸਪਤਾਲ ‘ਚ ਕੰਮ ਕਰਦੀ ਨਰਸ ਦੀ ਹੱਤਿਆ ਦੇ ਮਾਮਲੇ ਵਿਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਤਰਫੇ ਪਿਆਰ ਵਿਚ ਅਸਫਲ ਰਹਿਣ ਤੋਂ ਬਾਅਦ ਪਾਗਲ ਪ੍ਰੇਮੀ ਨੇ ਬੁੱਧਵਾਰ ਦੇਰ ਰਾਤ ਗ੍ਰੀਨ ਮਾਡਲ ਟਾਊਨ ਨੇੜੇ ਸਥਿਤ ਪਰਲ ਹਸਪਤਾਲ ਦੀ ਨਰਸ ਦੀ ਪਿੱਠ ‘ਤੇ ਤਿੰਨ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਨਰਸ ਨੂੰ ਬਚਾਉਣ ਆਈ ਉਸ ਦੀ ਸਹੇਲੀ ਉਤੇ ਵੀ ਚਾਕੂ ਨਾਲ 28 ਵਾਰ ਕੀਤੇ ਗਏ ਸਨ। ਅੱਜ ਵੀ ਸਹੇਲੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਘਟਨਾ ਬੁੱਧਵਾਰ ਰਾਤ ਦੋ ਵਜੇ ਪਰਲ ਹਸਪਤਾਲ ਦੀ ਛੱਤ ‘ਤੇ ਬਣੇ ਹੋਸਟਲ ਵਿਚ ਵਾਪਰੀ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ ਅਤੇ ਉਸ ਦੀ ਸਹੇਲੀ ਦੀ ਪਛਾਣ ਜੋਤੀ ਵਜੋਂ ਹੋਈ ਹੈ। ਹਾਲਾਂਕਿ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਟਰੇਸ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਗੋਰੂ ਨੂੰ ਮੰਡੀ ਗੋਬਿੰਦਗੜ੍ਹ ਤੋਂ ਚੁੱਕ ਲਿਆ ਅਤੇ ਦੇਰ ਰਾਤ ਉਸ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਸੀ। ਗੋਰੂ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਕੈਦ ਹੋ ਗਿਆ ਸੀ। ਮ੍ਰਿਤਕ ਦੇ ਮੋਬਾਈਲ ‘ਚ ਗੋਰੂ ਦੀ ਤਸਵੀਰ ਸੀ ਅਤੇ ਉਸ ਦਾ ਨੰਬਰ ਬਲਾਕ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ। 50 ਤੋਂ ਵੱਧ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਮੁਲਜ਼ਮ ਕਤਲ ਤੋਂ ਬਾਅਦ ਬੱਸ ਸਟੈਂਡ ‘ਤੇ ਚਲਾ ਗਿਆ ਅਤੇ ਉਥੋਂ ਮੰਡੀ ਗੋਬਿੰਦਗੜ੍ਹ ਲਈ ਰਵਾਨਾ ਹੋ ਗਿਆ।
ਦੋਵੇਂ ਨਰਸਾਂ ਕਮਰੇ ਦੇ ਬਾਹਰ ਸੌਂ ਰਹੀਆਂ ਸਨ
ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਜੋਧਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਤਕਰੀਬਨ ਢਾਈ ਕੁ ਸਾਲ ਤੋਂ ਹਸਪਤਾਲ ਵਿੱਚ ਕੰਮ ਕਰ ਰਹੀ ਸੀ। ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਦੀ ਰਹਿਣ ਵਾਲੀ ਜੋਤੀ ਕਰੀਬ ਡੇਢ ਸਾਲ ਤੋਂ ਉੱਥੇ ਕੰਮ ਕਰ ਰਹੀ ਹੈ। ਬਲਜਿੰਦਰ ਕੌਰ ਦੋ ਦਿਨ ਪਹਿਲਾਂ ਆਪਣੇ ਘਰ ਗਈ ਸੀ ਪਰ ਹਸਪਤਾਲ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਉਸ ਨੂੰ ਕੰਮ ‘ਤੇ ਬੁਲਾ ਲਿਆ। ਬੁੱਧਵਾਰ ਨੂੰ ਦੋਵੇਂ ਆਪਣਾ ਕੰਮ ਖਤਮ ਕਰਕੇ ਸੌਣ ਲਈ ਗਈਆਂ। ਰਾਤ ਕਰੀਬ ਦੋ ਵਜੇ ਦੋਵੇਂ ਆਪਣੇ ਕਮਰੇ ਦੇ ਬਾਹਰ ਸੁੱਤੀਆਂ ਪਈਆਂ ਸਨ ਕਿ ਉਕਤ ਨੌਜਵਾਨ ਨੇ ਆ ਕੇ ਹਮਲਾ ਕਰ ਦਿੱਤਾ। ਉਸ ਦੀ ਜੋਤੀ ਨਾਲ ਤਕਰਾਰ ਹੋ ਗਈ, ਜਿਸ ਕਾਰਨ ਮੁਲਜ਼ਮਾਂ ਨੇ ਜੋਤੀ ਤੇ ਚਾਕੂ ਨਾਲ 28 ਵਾਰ ਕੀਤੇ। ਬਲਜਿੰਦਰ ਦੀ ਪਿੱਠ ‘ਤੇ ਚਾਕੂ ਦੇ ਤਿੰਨ ਵਾਰ ਕੀਤੇ।