ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਲਾਣਾ ‘ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਤੜਕੇ ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ ਤਾਂ ਪੂਰੇ ਪਿੰਡ ‘ਚ ਹੜਕੰਪ ਮੱਚ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਪਹਿਲਾਂ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਅਤੇ ਬਾਅਦ ਵਿੱਚ ਖੁਦ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਮ੍ਰਿਤਕਾਂ ਦੀ ਪਛਾਣ 65 ਸਾਲਾ ਸੰਗਤ ਸਿੰਘ, ਉਸ ਦੀ ਪਤਨੀ ਮਹਿੰਦਰ ਕੌਰ ਉਮਰ 62 ਸਾਲ ਪੁੱਤਰ ਸੁਖਵਿੰਦਰ ਸਿੰਘ ਉਮਰ 32 ਸਾਲ ਸੁਖਵਿੰਦਰ ਦੀ ਪਤਨੀ ਪ੍ਰਮਿਲਾ ਉਮਰ 28 ਸਾਲ ਅਤੇ ਦੋ ਪੋਤੀਆਂ ਵਜੋਂ ਹੋਈ ਹੈ।
ਸੁਖਵਿੰਦਰ ਸਿੰਘ ਯਮੁਨਾਨਗਰ ਵਿੱਚ ਇੱਕ ਦੋ ਪਹੀਆ ਵਾਹਨ ਕੰਪਨੀ ਵਿੱਚ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪਰਿਵਾਰ ਘਰੋਂ ਬਾਹਰ ਨਹੀਂ ਆਇਆ ਤਾਂ ਗੁਆਂਢੀਆਂ ਨੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਗੁਆਂਢੀ ਮੌਕੇ ਤੇ ਪਹੁੰਚੇ ਤਾਂ ਪਰਿਵਾਰ ਨੂੰ ਬੇਸੁੱਧ ਦੇਖ ਕੇ ਘਬਰਾ ਗਏ। ਪੁਲਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਅੰਬਾਲਾ ਸ਼ਹਿਰ ਦੇ ਟਰਾਮਾ ਸੈਂਟਰ ਦੇ ਮੁਰਦਾਘਰ ਵਿਚ ਰਖਵਾਇਆ।
ਮੌਕੇ ‘ਤੇ ਫੋਰੈਂਸਿਕ ਮਾਹਿਰ ਪਹੁੰਚੇ
ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਅਤੇ ਇਸ ਵਿੱਚ ਲੱਖਾਂ ਰੁਪਏ ਦੇ ਲੈਣ-ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕੋ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋਣ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਡੀਐਸਪੀ ਅੰਬਾਲਾ ਜੋਗਿੰਦਰ ਸ਼ਰਮਾ ਨੇ ਦੱਸਿਆ ਕਿ ਦੋ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਛੇ ਮੈਂਬਰ ਮ੍ਰਿਤਕ ਪਾਏ ਗਏ ਹਨ।
ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਕ੍ਰਾਈਮ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਸਾਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਜਾਂਚ ਪੜਤਾਲ ਜਾਰੀ ਹੈ।
ਪਿੰਡ ਦਾ ਨੰਬਰਦਾਰ ਸੀ ਘਰ ਦਾ ਮੁਖੀਆ
ਜਾਣਕਾਰੀ ਦਿੰਦਿਆਂ ਗੁਆਂਢੀ ਗੁਲਾਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਪਿਤਾ ਪਿੰਡ ਦਾ ਨੰਬਰਦਾਰ ਸੀ। ਸੁਖਵਿੰਦਰ ਸਿੰਘ ਦੀਆਂ ਦੋ ਭੈਣਾਂ ਨੀਤੂ ਅਤੇ ਨੀਲਮ ਹਨ। ਦੋਵੇਂ ਵਿਆਹੀਆਂ ਹੋਈਆਂ ਹਨ। ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਭੈਣ ਦਾ ਫੋਨ ਗੁਆਂਢੀ ਨੂੰ ਆਇਆ ਕਿ ਘਰ ਵਿਚ ਕੋਈ ਫੋਨ ਨਹੀਂ ਚੁੱਕ ਰਿਹਾ। ਗੁਆਂਢੀ ਨੇ ਚਾਚੇ ਨੂੰ ਬੁਲਾ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਨੰਬਰਦਾਰ ਅਤੇ ਉਸ ਦੀ ਪਤਨੀ ਪਹਿਲੇ ਹੀ ਕਮਰੇ ਵਿਚ ਮ੍ਰਿਤਕ ਪਏ ਸਨ। ਦੂਜੇ ਕਮਰੇ ਵਿੱਚ ਸੁਖਵਿੰਦਰ ਸਿੰਘ ਨੇ ਕੁੰਡੀ ਨਾਲ ਫਾਹਾ ਲਿਆ ਹੋਇਆ ਸੀ ਅਤੇ ਉਸ ਦੀ ਪਤਨੀ ਤੇ ਬੱਚੇ ਮੰਜੇ ਤੇ ਮਰੇ ਪਏ ਸਨ।