ਪੰਜਾਬ ਵਿੱਚ ਚੋਰਾਂ ਅਤੇ ਲੁਟੇਰਿਆਂ ਵਿੱਚ ਹੁਣ ਖਾਕੀ ਦਾ ਕੋਈ ਡਰ ਨਹੀਂ ਰਿਹਾ। ਬੇਸ਼ੱਕ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਥਾਂ-ਥਾਂ ਉਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਪਰ ਚੋਰ ਅਤੇ ਲੁਟੇਰੇ ਇਨ੍ਹਾਂ ਦੀ ਵੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਹੈ ਕਿ ਇਹ ਸਾਰੀ ਘਟਨਾ ਕੈਮਰਿਆਂ ‘ਚ ਕੈਦ ਹੋ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਭਾਮ (ਮਾਹਿਲਪੁਰ) ਵਿੱਚ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ 17 ਲੱਖ ਰੁਪਏ ਲੁੱਟ ਲਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਸੀ ਪਰ ਲੁਟੇਰੇ ਨਿਡਰ ਹੋ ਕੇ ਆਪਣਾ ਕੰਮ ਕਰਦੇ ਰਹੇ।
ਮਾਹਿਲਪੁਰ ਬਲਾਕ ਦੇ ਪਿੰਡ ਭਾਮ ਵਿੱਚ ਦੇਰ ਰਾਤ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਲੱਗੇ ਏ.ਟੀ.ਐਮ ਨੂੰ ਲੁੱਟ ਲਿਆ। ਸੀਸੀਟੀਵੀ ਫੁਟੇਜ ਮੁਤਾਬਕ ਤਿੰਨ ਲੁਟੇਰੇ ਬਰੇਜ਼ਾ ਗੱਡੀ ਵਿੱਚ ਆਏ ਸਨ। ਤਿੰਨ ਲੁਟੇਰਿਆਂ ਨੇ ਏਟੀਐਮ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ 17 ਲੱਖ ਰੁਪਏ ਲੁੱਟ ਲਏ। ਇਹ ਸਾਰੀ ਘਟਨਾ ਏਟੀਐਮ ਦੇ ਅੰਦਰ ਛੱਤ ਦੇ ਇੱਕ ਕੋਨੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਕੁਝ ਮਿੰਟਾਂ ਵਿੱਚ ਹੀ ਲੁਟੇਰੇ ਏਟੀਐਮ ਨੂੰ ਲੁੱਟ ਕੇ ਹੋਏ ਫਰਾਰ
ਭਾਮ ਪਿੰਡ ਪੀਐਨਬੀ ਬੈਂਕ ਵਿਚ ਲੁਟੇਰਿਆਂ ਨੇ ਕੁਝ ਮਿੰਟਾਂ ਵਿਚ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਲੁਟੇਰਿਆਂ ਨੇ ਆਪਣੀ ਪਛਾਣ ਛੁਪਾਉਣ ਲਈ ਲੁੱਟ ਦੇ ਸਮੇਂ ਮਾਸਕ ਪਾ ਕੇ ਮੂੰਹ ਢੱਕੇ ਹੋਏ ਸਨ। ਸੀਸੀਟੀਵੀ ਕੈਮਰੇ ਦੇ ਟਾਈਮਰ ਮੁਤਾਬਕ ਲੁਟੇਰੇ ਦੇਰ ਰਾਤ 2:42 ਵਜੇ ਏ.ਟੀ.ਐਮ ਵਿੱਚ ਦਾਖਲ ਹੋਏ ਸਨ। ਇਸ ਤੋਂ ਬਾਅਦ ਪੰਜ ਮਿੰਟ ‘ਚ ਗੈਸ ਕਟਰ ਨਾਲ ਏ.ਟੀ.ਐੱਮ. ਨੂੰ ਕੱਟ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਚੋਰ ਏ.ਟੀ.ਐਮ. ਕੱਟ ਰਹੇ ਸਨ ਤਾਂ ਇਸਦੀ ਸੂਚਨਾ ਉਥੇ ਸਕਿਓਰਿਟੀ ਕੰਪਨੀ ਵੱਲੋਂ ਲਗਾਏ ਗਏ ਸਿਸਟਮ ਦੀ ਮਦਦ ਨਾਲ ਪੁਲਿਸ ਨੂੰ ਦਿੱਤੀ ਗਈ। ਪਰ ਪੁਲੀਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਛੁੱਟੀਆਂ ਦੇ ਮੱਦੇਨਜ਼ਰ 17 ਲੱਖ ਰੁਪਏ ਏ.ਟੀ.ਐਮ ਵਿੱਚ ਪਾਏ ਗਏ ਸਨ
ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਰਾਜਨ ਥਾਪਾ ਅਤੇ ਸਹਾਇਕ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀਆਂ ਲਗਾਤਾਰ ਦੋ ਛੁੱਟੀਆਂ ’ਤੇ ਨਜ਼ਰ ਰੱਖਦਿਆਂ ਅਤੇ ਲੋਕਾਂ ਦੀ ਸੁਵਿਧਾ ਲਈ ATM ਵਿਚ 17 ਲੱਖ ਦੀ ਨਕਦੀ ਪਾਈ ਗਈ ਸੀ। ਏਟੀਐਮ ਵਿੱਚ ਕਿਸੇ ਵੀ ਸੁਰੱਖਿਆ ਗਾਰਡ ਦਾ ਕੋਈ ਪ੍ਰਬੰਧ ਨਹੀਂ ਸੀ। ਇਥੇ ਬੈਂਕ ਦੇ ਬਾਹਰ ਏ.ਟੀ.ਐਮ ਸਥਿਤ ਹੈ, ਉੱਥੇ ਰਾਤ ਨੂੰ ਆਵਾਜਾਈ ਵੀ ਘੱਟ ਰਹਿੰਦੀ ਹੈ। ਲੁਟੇਰਿਆਂ ਨੇ ਇਸ ਦਾ ਫਾਇਦਾ ਉਠਾਇਆ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਪੁਲਿਸ
ਏ.ਟੀ.ਐਮ ਵਿੱਚ ਲੁੱਟ ਦੀ ਸੂਚਨਾ ਮਿਲਦਿਆਂ ਹੀ ਥਾਣਾ ਚੱਬੇਵਾਲ ਦੇ ਐਸਐਚਓ ਗੁਰਪ੍ਰੀਤ ਸਿੰਘ, ਮਾਹਿਲਪੁਰ ਥਾਣਾ ਇੰਚਾਰਜ ਜਸਵੰਤ ਸਿੰਘ ਅਤੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਮੌਕੇ ਉਤੇ ਪੁੱਜੇ। ਪਿੰਡ ਦੇ ਸਰਪੰਚ ਪਰਵਿੰਦਰ ਜਸਵਾਲ ਵੀ ਮੌਕੇ ’ਤੇ ਪੁੱਜੇ। ਪੁਲੀਸ ਨੇ ਸਰਪੰਚ ਦੀ ਮਦਦ ਨਾਲ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।