ਪੰਜਾਬ ਦੇ ਜਿਲ੍ਹਾ ਲੁਧਿਆਣਾ ‘ਚ ਕਤਲ: ਸ਼ਨੀਵਾਰ ਦੇਰ ਰਾਤ ਨੂੰ ਮਾਮੂਲੀ ਤਕਰਾਰ ਤੋਂ ਬਾਅਦ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ। ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਬਾਬਾ ਨੰਦ ਸਿੰਘ ਜੀ ਦੀ ਬਰਸੀ ਸਬੰਧੀ ਸਮਾਗਮ ਚੱਲ ਰਹੇ ਹਨ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਗੁਰਦੁਆਰਾ ਜਗਰਾਉਂ ਇਲਾਕੇ ਵਿੱਚ ਹੋਣ ਕਾਰਨ ਇੱਥੋਂ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਬਰਸੀ ਸਮਾਗਮ ਤੋਂ ਪਹਿਲਾਂ ਸੇਵਾ ਲਈ ਜਾਣ ਲੱਗ ਜਾਂਦੀਆਂ ਹਨ। ਜਿਸ ਤਹਿਤ ਸ਼ਨੀਵਾਰ ਨੂੰ ਪਿੰਡ ਕਮਾਲਪੁਰਾ ਤੋਂ ਸੰਗਤਾਂ ਦੀ ਟਰਾਲੀ ਨਾਨਕਸਰ ਲਈ ਗਈ ਹੋਈ ਸੀ। ਜਿਸ ਵਿੱਚ 22 ਸਾਲਾ ਲਵਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਮਾਲਪੁਰਾ ਵੀ ਸ਼ਾਮਲ ਸੀ।
ਜਦੋਂ ਜੀ.ਟੀ.ਰੋਡ ਤੋਂ ਜਗਰਾਉਂ ਦੇ ਰਸਤੇ ਕਮਾਲਪੁਰਾ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੂਮੀ ਵੀ ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਆਪਣੀ ਟਰਾਲੀ ਵਿੱਚ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਤਾਂ ਦੋਵੇਂ ਟਰਾਲੀ ਚਾਲਕ ਕਦੇ-ਕਦੇ ਇੱਕ ਦੂਜੇ ਤੋਂ ਅੱਗੇ ਹੋ ਜਾਂਦੇ ਸਨ, ਕਦੇ ਪਿੱਛੇ ਹੋ ਜਾਂਦੇ ਸਨ। ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਗੁਰਪ੍ਰੀਤ ਸਿੰਘ ਰੂਮੀ ਨੇ ਰਾਏਕੋਟ ਰੋਡ ‘ਤੇ ਪੈਂਦੇ ਮੁਹੱਲਾ ਗਾਂਧੀ ਨਗਰ ਨੇੜੇ ਪਿੰਡ ਕਮਾਲਪੁਰਾ ਦੀ ਟਰਾਲੀ ਅੱਗੇ ਆਪਣੀ ਟਰੈਕਟਰ ਟਰਾਲੀ ਲਾ ਕੇ ਟਰੈਕਟਰ ਰੋਕ ਲਿਆ। ਉਥੇ ਹੀ ਗੁੱਸੇ ਵਿਚ ਆ ਕੇ ਗੁਰਪ੍ਰੀਤ ਸਿੰਘ ਰੂਮੀ ਨੇ ਲਵਪ੍ਰੀਤ ਸਿੰਘ ਦੇ ਸਿਰ ਦੇ ਪਿਛਲੇ ਹਿੱਸੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਇਹ ਸਥਿਤੀ ਦੇਖ ਕੇ ਟਰਾਲੀ ਵਿੱਚ ਉਸ ਦੇ ਨਾਲ ਬੈਠੇ ਲੋਕ ਉਥੋਂ ਭੱਜ ਗਏ ਅਤੇ ਲਵਪ੍ਰੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਥੱਲੇ ਡਿੱਗ ਪਿਆ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਟਰਾਲੀ ‘ਚ ਬੈਠੇ ਲੋਕਾਂ ਨੂੰ ਲੈ ਕੇ ਉਥੋਂ ਚਲਿਆ ਗਿਆ। ਲਵਪ੍ਰੀਤ ਸਿੰਘ ਦੇ ਚਾਚਾ ਪਰਮਜੀਤ ਸਿੰਘ ਤੇ ਹੋਰ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਬੁਰੀ ਤਰ੍ਹਾਂ ਜ਼ਖਮੀ ਲਵਪ੍ਰੀਤ ਸਿੰਘ ਨੂੰ ਲੁਧਿਆਣਾ ਦਯਾਨੰਦ ਹਸਪਤਾਲ ਪਹੁੰਚਾਇਆ ਪਰ ਉਥੇ ਉਸ ਦੀ ਮੌਤ ਹੋ ਗਈ।
ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਚਾਚਾ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੂਮੀ ਖ਼ਿਲਾਫ਼ ਥਾਣਾ ਜਗਰਾਓ ਵਿੱਚ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਤਲ ਲਈ ਵਰਤਿਆ ਹਥਿਆਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲੈ ਕੇ ਬਰਾਮਦ ਕੀਤਾ ਜਾਵੇਗਾ।