ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਲੋਪੋਕੇ ਦੇ ਚੋਗਾਵਾ ਥਾਣੇ ਅਧੀਨ ਆਉਂਦੇ ਪਿੰਡ ਬਹਿੜਵਾਲ ‘ਚ ਬੀਤੀ ਰਾਤ ਕੁਝ ਵਿਅਕਤੀਆਂ ਨੇ ਔਰਤ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਸਮੇਂ ਆਂਗਣਵਾੜੀ ਯੂਨੀਅਨ ਚੋਗਾਵਾ ਦੀ ਪ੍ਰਧਾਨ ਪਰਮਜੀਤ ਕੌਰ ਘਰ ਵਿੱਚ ਇਕੱਲੀ ਮੌਜੂਦ ਸੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਗੁਆਂਢੀਆਂ ਨੇ ਗੰਭੀਰ ਰੂਪ ਵਿਚ ਜ਼ਖਮੀ ਔਰਤ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ਉਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਂਗਣਵਾੜੀ ਯੂਨੀਅਨ ਚੋਗਾਵਾ ਦੀ ਪ੍ਰਧਾਨ ਅਤੇ ਆਂਗਣਵਾੜੀ ਯੂਨੀਅਨ ਅੰਮ੍ਰਿਤਸਰ ਦੀ ਮੈਂਬਰ ਪਰਮਜੀਤ ਕੌਰ ਪਿਛਲੇ 20 ਸਾਲਾਂ ਤੋਂ ਇਨ੍ਹਾਂ ਯੂਨੀਅਨਾਂ ਦੇ ਲਈ ਕੰਮ ਕਰ ਰਹੀ ਸੀ।
ਮ੍ਰਿਤਕ ਆਂਗਣਵਾੜੀ ਆਗੂ ਪਰਮਜੀਤ ਕੌਰ ਦਾ ਪਤੀ ਨਹੀਂ ਹੈ। ਉਨ੍ਹਾਂ ਦੀ ਇਕ ਬੇਟੀ ਕੈਨੇਡਾ ਵਿਚ ਹੈ, ਜਦਕਿ ਦੂਜੀ ਧੀ ਵਿਆਹੀ ਹੋਈ ਹੈ। ਪੁੱਤਰ ਫੌਜ ਵਿੱਚ ਨੌਕਰੀ ਕਰਦਾ ਹੈ, ਜੋ ਇਨ੍ਹੀਂ ਦਿਨੀਂ ਛੁੱਟੀ ਤੇ ਘਰ ਆਇਆ ਹੋਇਆ ਸੀ। ਬੀਤੇ ਰਾਤ ਪਰਮਜੀਤ ਕੌਰ ਦਾ ਲੜਕਾ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਪਰਮਜੀਤ ਕੌਰ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਕੁਝ ਵਿਅਕਤੀਆਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਗੰਭੀਰ ਰੂਪ ‘ਚ ਜ਼ਖਮੀ ਪਰਮਜੀਤ ਕੌਰ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦਿਆਂ ਸਾਰ ਹੀ ਥਾਣਾ ਲੋਪੋਕੇ ਦੇ ਇੰਚਾਰਜ ਐਸ.ਆਈ ਮਨਤੇਜ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪੂਰੀ ਘਟਨਾ ਦਾ ਜਾਇਜ਼ਾ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।