ਟਾਟਾ ਸੂਮੋ ਵਿਚ ਸਮਰੱਥਾ ਤੋਂ ਵੱਧ ਸਵਾਰੀਆਂ ਹੋਣ ਦੇ ਕਾਰਨ, ਵਾਪਰ ਗਿਆ ਭਿਆਨਕ ਹਾਦਸਾ, ਪਿਓ-ਧੀ ਸਮੇਤ 8 ਲੋਕਾਂ ਦੀ ਮੌਤ

Punjab

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੀ ਟਾਟਾ ਸੂਮੋ ਦੇ ਖੱਡ ਵਿਚ ਡਿੱਗਣ ਕਾਰਨ ਪਿਤਾ-ਧੀ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਕਿਸ਼ਤਵਾੜ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 55 ਕਿਲੋਮੀਟਰ ਦੂਰ ਸਬ-ਡਿਵੀਜ਼ਨ ਛਾਤੂਰ ਦੇ ਬੁੰੜਾ ਇਲਾਕੇ ਵਿੱਚ ਮੰਗਲਵਾਰ ਦੁਪਹਿਰ 3.30 ਵਜੇ ਵਾਪਰਿਆ। ਇਸ ਹਾਦਸੇ ‘ਚ 3 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਸਥਾਨਕ ਦੱਸੇ ਜਾ ਰਹੇ ਹਨ। ਪੁਲੀਸ ਨੇ ਹਾਦਸੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਪ੍ਰਾਈਵੇਟ ਟੈਕਸੀ ਟਾਟਾ ਸੂਮੋ (ਜੇ.ਕੇ.17-9117) ਸਵਾਰੀਆਂ ਲੈ ਕੇ ਸਬ-ਡਵੀਜ਼ਨ ਛਾਤੂਰ ਤੋਂ ਬੁੰੜਾ ਵੱਲ ਜਾ ਰਹੀ ਸੀ। ਸੂਮੋ ਵਿੱਚ ਡਰਾਈਵਰ ਸਮੇਤ ਅੱਠ ਲੋਕਾਂ ਦੇ ਬੈਠਣ ਦੀ ਸਮਰੱਥਾ ਸੀ, ਪਰ ਇਸ ਵਿੱਚ ਕੁੱਲ ਗਿਆਰਾਂ ਲੋਕ ਸਵਾਰ ਸਨ। ਛਾਤੂਰ ਤੋਂ ਨਿਕਲੀ ਸੂਮੋ ਚਿੰਨਗਾਮ ਤੋਂ ਬੂੰੜਾ ਵੱਲ ਥੋੜੀ ਦੂਰੀ ‘ਤੇ ਸੜਕ ਤੋਂ ਕਰੀਬ ਢਾਈ ਸੌ ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ‘ਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਥਾਨਕ ਲੋਕਾਂ, ਪੁਲਿਸ ਅਤੇ ਆਰਮੀ ਰਾਈਫਲਜ਼ ਦੇ ਜਵਾਨਾਂ ਨੇ ਬਚਾਅ ਮੁਹਿੰਮ ਚਲਾਈ

ਐਸਐਸਪੀ ਕਿਸ਼ਤਵਾੜ ਸ਼ਫਕਤ ਭੱਟ ਵੀ ਮੌਕੇ ‘ਤੇ ਪਹੁੰਚ ਗਏ। ਕਾਫੀ ਮੁਸ਼ੱਕਤ ਨਾਲ 6 ਜ਼ਖਮੀਆਂ ਨੂੰ ਫਸਟ ਏਡ ਸੈਂਟਰ ਛਾਤੁਰ ਪਹੁੰਚਾਇਆ ਗਿਆ, ਜਿੱਥੇ ਦੋ ਜ਼ਖਮੀਆਂ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਚਾਰ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਹੋਰ ਜ਼ਖਮੀ ਦੀ ਮੌਤ ਹੋ ਗਈ।

ਉਪ ਰਾਜਪਾਲ ਨੇ ਘਟਨਾ ‘ਤੇ ਦੁੱਖ ਜਤਾਇਆ

ਉਪ ਰਾਜਪਾਲ ਮਨੋਜ ਸਿਨਹਾ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕਾਂ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦਾ ਵਧੀਆ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਨੇ ਇਸ ਹਾਦਸੇ ਨੂੰ ਦੁਖਦ ਅਤੇ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਜੀ.ਐਮ ਸਰੂਰੀ ਨੇ ਪੀੜਤ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *