ਆਪਣੀ ਅਤੇ ਪਰਿਵਾਰਕ ਰੋਜ਼ੀ ਰੋਟੀ ਖਾਤਰ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ਾ ਵਿਚ ਜਾ ਕੇ ਉਨ੍ਹਾਂ ਵੱਲੋਂ ਸਖਤ ਮਿਹਨਤ ਵੀ ਕੀਤੀ ਜਾਂਦੀ ਹੈ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ। ਅਰਬ ਦੇਸ਼ਾਂ ਦੇ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਗਰਮੀਆਂ ਅਤੇ ਕੈਨੇਡਾ ਵਰਗੇ ਦੇਸ਼ ਵਿਚ ਜਾਣ ਵਾਲਿਆਂ ਨੂੰ ਬਰਫੀਲੇ ਮੌਸਮ ਵਿਚ ਕੰਮਕਾਜ ਕਰਨੇ ਪੈਂਦੇ ਹਨ, ਉਥੇ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਉਨ੍ਹਾਂ ਵੱਲੋਂ ਦਿਨ-ਰਾਤ ਇਕ ਕਰਕੇ ਆਪਣੇ ਪਰਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਇਆ ਜਾਂਦਾ ਹੈ।
ਉਥੇ ਹੀ ਪਰਿਵਾਰ ਵੱਲੋਂ ਵੀ ਵਿਦੇਸ਼ ਗਏ ਆਪਣੇ ਪੁੱਤਰਾਂ ਦੀ ਸੁੱਖ ਸ਼ਾਂਤੀ ਵਾਸਤੇ ਹਰ ਵਕਤ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ ਪਰ ਕਈ ਵਾਰ ਉਨ੍ਹਾਂ ਦੇ ਘਰ ਆਉਣ ਤੋਂ ਪਹਿਲਾਂ ਵਾਪਰੀਆਂ ਦੁਖਦਾਈ ਘਟਨਾਵਾਂ ਦੀਆਂ ਖ਼ਬਰਾਂ ਆ ਜਾਂਦੀਆਂ ਹਨ ਜਿਸ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਵਿਦੇਸ਼ ਤੋਂ ਆਏ ਫੋਨ ਕਾਰਨ ਇਕ ਪਰਿਵਾਰ ਵਿੱਚ ਸੋਗ ਛਾ ਗਿਆ ਹੈ ਜਿੱਥੇ ਰੋਜ਼ੀ-ਰੋਟੀ ਵਾਸਤੇ ਵਿਦੇਸ਼ ਗਏ ਨੌਜਵਾਨ ਦੀ ਮੌਤ ਹੋਈ ਹੈ। ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਲੋਹਗੜ੍ਹ ਦੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸ਼ੁਭਦੀਪ ਸਿੰਘ ਦੁਸਾਂਝ ਉਮਰ 24 ਸਾਲ ਪੁੱਤਰ ਅਮਰਜੀਤ ਸਿੰਘ ਵਾਸੀ ਲੋਹਗੜ੍ਹ ਫਿਰੋਜ਼ਪੁਰ ਵਜੋਂ ਹੋਈ ਹੈ। ਮ੍ਰਿਤਕ ਦੀ ਮੌਤ ਕੈਨੇਡਾ ਵਿੱਚ ਬੀ.ਸੀ. ਸੂਬੇ ਵਿੱਚ ਇੱਕ ਟਰੱਕ ਨਾਲ ਵਾਪਰੇ ਹਾਦਸੇ ਕਾਰਨ ਹੋਈ ਹੈ।
ਇਹ ਮੰਦਭਾਗੀ ਸੂਚਨਾ ਮਿਲਦੇ ਹੀ ਪਿੰਡ ਲੋਹਗੜ੍ਹ ਵਿੱਚ ਸੋਗ ਦੀ ਲਹਿਰ ਦੌੜ ਗਈ। ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰੋਜ਼ਾਨਾ ਹੀ ਵਿਦੇਸ਼ਾਂ ਵਿਚ ਰੋਜੀ-ਰੋਟੀ ਕਮਾਉਣ ਲਈ ਗਏ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਮਿਲ ਰਹੀਆਂ ਹਨ। ਹਾਲ ਹੀ ਵਿੱਚ ਕੈਨੇਡਾ ਗਏ ਮੋਗਾ ਦੇ ਰਹਿਣ ਵਾਲੇ ਜਗਸੀਰ ਸਿੰਘ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਇਸ ਤੋਂ ਇਲਾਵਾ ਸੰਗਰੂਰ ਦੇ ਇਕ ਨੌਜਵਾਨ ਦੀ ਕੈਨੇਡਾ ‘ਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਅੱਜ ਵੀ ਫਿਰੋਜ਼ਪੁਰ ਦੇ ਇਸ ਨੌਜਵਾਨ ਦੀ ਮੌਤ ‘ਤੇ ਪਰਿਵਾਰ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਹੈ।