ਫ਼ਿਰੋਜ਼ਪੁਰ ਥਾਣਾ ਕੈਂਟ ਦੀ ਪੁਲਿਸ ਨੇ ਜਾਅਲੀ ਆਈਡੀ ਪਰੂਫ਼ ਤਿਆਰ ਕਰਕੇ ਭੋਲੇ ਭਾਲੇ ਨੌਜਵਾਨਾਂ ਨੂੰ ਫਸਾ ਕੇ ਲੜਕੀ ਦਾ ਵਿਆਹ ਕਰਵਾ ਕੇ ਪੈਸੇ ਠੱਗਣ ਵਾਲੇ ਗਿਰੋਹ ਦੇ 7 ਮੈਂਬਰਾਂ ਤੇ ਪਰਚਾ ਦਰਜ ਕਰਕੇ 3 ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਪੁਜਾਰੀ ਨੇ ਲੜਕੀ ਦਾ ਆਈਡੀ ਪਰੂਫ਼ ਮੰਗਿਆ ਤਾਂ ਉਨ੍ਹਾਂ ਦਾ ਪਰਦਾਫਾਸ਼ ਹੋਇਆ। ਕਿਉਂਕਿ ਜਿਸ ਲੜਕੀ ਦੀ ਆਈਡੀ ਸੀ, ਉਸ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪੀੜਤ ਦਰਸ਼ਨਾ ਦੇਵੀ ਪਤਨੀ ਵਜ਼ੀਰ ਚੰਦ ਵਾਸੀ ਪਿੰਡ ਚੁੱਘੇ ਅਲੀ ਨਜ਼ਦੀਕੀ ਪਿੰਡ ਚੰਕੋਠੀ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਨੇ ਦੱਸਿਆ ਕਿ ਉਸ ਦੇ 2 ਲੜਕੇ ਅਤੇ 1 ਬੇਟੀ ਹੈ। ਬੇਟੀ ਸ਼ਾਦੀਸ਼ੁਦਾ ਹੈ ਅਤੇ ਦੋਵੇਂ ਬੇਟੇ ਅਣਵਿਆਹੇ ਹਨ।
ਉਸ ਦਾ ਵੱਡਾ ਬੇਟਾ 28 ਸਾਲਾ ਰਵੀ ਕੁਮਾਰ ਆਪਣੇ ਵਿਆਹ ਲਈ ਦੁਲਹਨ ਦੀ ਤਲਾਸ਼ ਕਰ ਰਿਹਾ ਸੀ। ਉਸ ਨੂੰ ਉਸ ਦੇ ਜਮਾਈ ਨੇ ਦੱਸਿਆ ਕਿ ਉਸ ਦੇ ਗੁਆਂਢੀ ਰਵੀ ਪੁੱਤਰ ਤਿਲਕ ਰਾਜ ਪਿੰਡ ਟੋਹਾਣਾ ਨੇ ਉਸ ਨੂੰ ਦੱਸਿਆ ਕਿ ਉਸ ਦੇ ਲੜਕੇ ਰਵੀ ਨਾਲ ਰਿਸ਼ਤਾ ਕਰਵਾਉਣ ਲਈ ਪੰਜਾਬ ਦੇ ਫਿਰੋਜ਼ਪੁਰ ਵਿਚ ਇਕ ਲੜਕੀ ਹੈ। ਇਸ ਤੋਂ ਬਾਅਦ ਓਮ ਪ੍ਰਕਾਸ਼ ਉਰਫ਼ ਪ੍ਰਕਾਸ਼ ਪੁੱਤਰ ਹਰੀ ਸਿੰਘ ਵਾਸੀ ਪਿੰਡ ਤੇਲੂ ਥਾਣਾ ਮੁਦਰ ਜ਼ਿਲ੍ਹਾ ਭਿਵਾਨੀ ਹਰਿਆਣਾ ਉਸ ਕੋਲ ਆਇਆ।
ਉਸ ਨੇ ਫਿਰੋਜ਼ਪੁਰ ‘ਚ ਕੁੜੀ ਹੋਣ ਦੀ ਗੱਲ ਕਹਿ ਕੇ ਵਿਆਹ ਕਰਵਾਉਣ ਦੀ ਗੱਲ ਕਹੀ। ਇਸ ਕਾਰਨ ਉਹ ਮੰਗਲਵਾਰ ਨੂੰ ਆਪਣੇ ਲੜਕੇ ਰਵੀ ਕੁਮਾਰ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਫਿਰੋਜ਼ਪੁਰ ਪਹੁੰਚ ਗਏ। ਇਸ ਦੌਰਾਨ ਓਮ ਪ੍ਰਕਾਸ਼ ਉਸ ਨੂੰ ਉੱਥੇ ਵਿਚੋਲੇ ਜਸਵਿੰਦਰ ਸਿੰਘ ਗਿੱਲ ਕੋਲ ਲੈ ਗਿਆ, ਜਿੱਥੇ ਉਸ ਨੂੰ ਦੀਪ ਨਾਂ ਦੀ ਔਰਤ ਮਿਲੀ। ਉਸ ਨੇ ਉੱਥੇ ਪਹੁੰਚ ਕੇ ਪਹਿਲਾਂ ਲੜਕੀ ਅਤੇ ਉਸ ਦੇ ਪਰਿਵਾਰ ਦਾ ਪਰੂਫ ਮੰਗਿਆ, ਜਿਸ ‘ਤੇ ਉਸ ਨੇ ਆਧਾਰ ਕਾਰਡ ਦਿਖਾਇਆ, ਜਿਸ ‘ਚ ਮੀਤ ਅਰੋੜਾ ਅਤੇ ਤਾਰਾ ਅਰੋੜਾ ਨਾਂਅ ਦੀ ਲੜਕੀ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਦਿਖਾਈ ਗਈ | ਇਸ ਦੌਰਾਨ ਉਹ ਉਸ ਲੜਕੀ ਨਾਲ ਮਿਲੇ, ਜਿਸ ਨਾਲ ਨੌਜਵਾਨ ਦਾ ਵਿਆਹ ਹੋਣਾ ਸੀ। ਉਸਦਾ ਨਾਮ ਤਾਰਾ ਅਰੋੜਾ ਸੀ ਅਤੇ ਲੜਕਾ ਮੀਤ ਅਰੋੜਾ ਨੂੰ ਆਪਸ ਵਿੱਚ ਭੈਣ-ਭਰਾ ਦੱਸਿਆ।
ਰਾਤ 8 ਵਜੇ ਇਹ ਸਾਰੇ ਵਿਆਹ ਲਈ ਛਾਉਣੀ ਦੇ ਬੱਸ ਸਟੈਂਡ ਨੇੜੇ ਸਥਿਤ ਮੰਦਰ ‘ਚ ਪੁੱਜੇ, ਜਿੱਥੇ ਉਨ੍ਹਾਂ ਨੇ ਵਿਚੋਲੇ ਓਮ ਪ੍ਰਕਾਸ਼ ਨੂੰ 31 ਹਜ਼ਾਰ ਰੁਪਏ ਦੇ ਦਿੱਤੇ। ਇਸ ਦੌਰਾਨ ਉਸ ਨੇ ਲੜਕੇ ਦੇ ਸਾਰੇ ਪਰੂਫ ਫੇਰਿਆਂ ਲਈ ਮੰਦਰ ਦੇ ਪੁਜਾਰੀ ਨੂੰ ਦਿੱਤੇ। ਪੁਜਾਰੀ ਨੇ ਲੜਕੀ ਦੇ ਪਛਾਣ ਪੱਤਰ ਦੀ ਮੰਗ ਕੀਤੀ। ਜਿਸ ‘ਤੇ ਤਾਰਾ ਅਰੋੜਾ ਨਾਮ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਦਿੱਤੀ ਗਈ ਸੀ। ਇਸ ਦੌਰਾਨ ਮੰਦਿਰ ਦੇ ਪੁਜਾਰੀ ਨੇ ਦੇਖ ਕੇ ਕਿਹਾ ਕਿ ਇਸ ਆਈਡੀ ਦੇ ਨਾਂ ‘ਤੇ ਕੱਲ੍ਹ ਹੀ ਵਿਆਹ ਹੋਇਆ ਹੈ ਅਤੇ ਪੁਜਾਰੀ ਨੇ ਪਹਿਲਾਂ ਹੋਏ ਵਿਆਹ ਦਾ ਸਬੂਤ ਵੀ ਦਿਖਾਇਆ। ਇਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੇ ਨਾਲ ਸਾਰੀਆਂ ਔਰਤਾਂ ਅਤੇ ਲੋਕਾਂ ਨੇ ਜਾਅਲੀ ਆਈਡੀ ਪਰੂਫ ਦਿਖਾ ਕੇ ਠੱਗੀ ਮਾਰਨੀ ਹੈ। ਇਸ ਕਾਰਨ ਉਹ ਆਪਣੇ ਭਰਾ ਨੂੰ ਆਪਣੇ ਨਾਲ ਲੈ ਕੇ ਥਾਣੇ ਪਹੁੰਚ ਗਏ।
ਥਾਣਾ ਕੈਂਟ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਜਾਅਲੀ ਆਈਡੀ ਕਾਰਡ ਬਣਾ ਕੇ ਲੜਕਿਆਂ ਨਾਲ ਧੋਖਾਧੜੀ ਕਰਕੇ ਲੜਕੀ ਨਾਲ ਵਿਆਹ ਕਰਵਾਉਣ ਵਾਲੇ 3 ਔਰਤਾਂ ਸਮੇਤ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 3 ਮੈਂਬਰ ਫਰਾਰ ਹਨ। ਸੱਤ ਮੁਲਜ਼ਮਾਂ ਖ਼ਿਲਾਫ਼ ਆਈਪੀਸੀ 420, 465, 468, 470, 471 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ ਵਿੱਚ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।