ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ‘ਚ 12 ਨੌਜਵਾਨਾਂ ਨੇ 23 ਸਾਲਾ ਸਵਿਗੀ ਡਿਲੀਵਰੀ ਬੁਆਏ ਸ਼ਿਵ ਕੁਮਾਰ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਭੈਣ ਨੇ ਪਿਛਲੇ ਸਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਉਦੋਂ ਤੋਂ ਹੀ ਉਸ ਦਾ ਦੋਸ਼ੀਆਂ ਨਾਲ ਝਗੜਾ ਚੱਲ ਰਿਹਾ ਸੀ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦੇ ਪਿਤਾ ਤਰਨਤਾਰਨ ਰੋਡ ਦੇ ਰਹਿਣ ਵਾਲੇ ਸੁਭਾਸ਼ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਦੋਸ਼ੀ ਲੱਕੀ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ ਪਰ ਲੱਕੀ ਉਸ ਨੂੰ ਧੋਖਾ ਦੇ ਕੇ ਰਾਜਸਥਾਨ ਚਲਾ ਗਿਆ ਅਤੇ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਪਿਛਲੇ ਸਾਲ ਧੀ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ। ਉਦੋਂ ਤੋਂ ਹੀ ਦੋਸ਼ੀ ਲੱਕੀ ਅਤੇ ਉਸ ਦੇ ਸਾਥੀਆਂ ਦਾ ਉਨ੍ਹਾਂ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਹਰ ਰੋਜ਼ ਲੱਕੀ ਅਤੇ ਉਸਦੇ ਸਾਥੀ ਉਨ੍ਹਾਂ ਦੇ ਬੇਟੇ ਅਸ਼ਵਨੀ ਨੂੰ ਧਮਕੀਆਂ ਦਿੰਦੇ ਆ ਰਹੇ ਸਨ।
ਕੁਝ ਦਿਨ ਪਹਿਲਾਂ ਸ਼ਿਵ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਸੀ
ਮ੍ਰਿਤਕ ਦੀ ਭੈਣ ਮਨੂ ਨੇ ਦੱਸਿਆ ਕਿ ਦੋਸ਼ੀ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਪਹਿਲਾਂ ਤੋਂ ਹੀ ਦਿੰਦੇ ਆ ਰਹੇ ਸੀ। ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਦੀ ਲੜਾਈ ਹੋਈ ਸੀ ਅਤੇ ਦੋਸ਼ੀ ਲੱਕੀ ਨੇ ਉਸ ਦੇ ਭਰਾ ਨੂੰ ਜੇਲ੍ਹ ਭਿਜਵਾ ਦਿੱਤਾ ਸੀ। ਕਰੀਬ 8 ਦਿਨ ਪਹਿਲਾਂ ਉਸ ਦਾ ਭਰਾ ਜਮਾਨਤ ‘ਤੇ ਬਾਹਰ ਆਇਆ ਸੀ।
ਬਾਜ਼ਾਰ ਵਿਚ ਘੇਰ ਕੇ ਮਾਰਿਆ
ਮਨੂੰ ਨੇ ਦੱਸਿਆ ਕਿ ਸਵੇਰੇ ਉਸ ਦਾ ਭਰਾ ਬਜਾਰ ਵਿਚ ਸਾਮਾਨ ਲੈਣ ਗਿਆ ਸੀ। ਇੱਥੇ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਦੋਸ਼ੀਆਂ ’ਤੇ ਇਲਾਕੇ ਵਿੱਚ ਨਸ਼ਾ ਵੇਚਣ ਦਾ ਦੋਸ਼ ਵੀ ਲਾਇਆ ਹੈ। ਦੂਜੇ ਪਾਸੇ ਪੁਲਿਸ ‘ਤੇ ਵੀ ਇਨਸਾਫ਼ ਨਾ ਦੇਣ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਲੜਾਈ ਹੋਈ ਸੀ ਅਤੇ ਇਸ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਜਾਂਚ ਪੜਤਾਲ ਚੱਲ ਰਹੀ ਹੈ। ਸਭ ਕੁਝ ਸਾਫ਼ ਹੋਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।