ਇਹ ਮੰਦਭਾਗੀ ਖ਼ਬਰ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਇਥੇ ਪੱਟੀ ਦੇ ਪਿੰਡ ਦੁੱਬਲੀ ਵਿੱਚ ਬੀਤੀ ਰਾਤ ਚਾਚੇ ਵੱਲੋਂ ਆਪਣੇ ਭਤੀਜੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮ੍ਰਿਤਕ ਦੀ ਪਛਾਣ ਪ੍ਰਭਦਿਆਲ ਸਿੰਘ ਉਰਫ ਕਰਨ ਵਾਸੀ ਪਿੰਡ ਦੁੱਬਲੀ ਵਜੋਂ ਹੋਈ ਹੈ।
ਇਸ ਘਟਨਾ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਭਰਾ ਨੇ ਦੱਸਿਆ ਹੈ ਕਿ ਕਰਨ ਨੂੰ ਉਸ ਦੇ ਚਾਚਾ ਬਲਜੀਤ ਸਿੰਘ ਨੇ ਬੀਤੀ ਰਾਤ ਫੋਨ ਕਰਕੇ ਘਰ ਆਉਣ ਦੇ ਲਈ ਕਿਹਾ ਸੀ ਪਰ ਉਹ ਨਹੀਂ ਗਿਆ। ਕੁਝ ਸਮੇਂ ਦੇ ਬਾਅਦ ਬਲਜੀਤ ਖੁਦ ਘਰ ਆਇਆ ਅਤੇ ਕਿਹਾ ਕਿ ਉਸ ਦੇ ਘਰ ਰਿਸ਼ਤੇਦਾਰ ਆਏ ਹਨ ਇਸ ਲਈ ਕਰਨ ਉਸ ਦੇ ਨਾਲ ਚੱਲੇ। ਜਦੋਂ ਉਹ ਬਲਜੀਤ ਸਿੰਘ ਦੇ ਘਰ ਪਹੁੰਚੇ ਤਾਂ ਉੱਥੇ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਕਰਨ ਦੀ ਮਾਂ ਵੀ ਉਸ ਨੂੰ ਲੈਣ ਗਈ ਪਰ ਬਲਜੀਤ ਸਿੰਘ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਉਸ ਨੂੰ ਆਪ ਭੇਜ ਦੇਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਕਰਨ ਘਰ ਜਾਣ ਲੱਗਾ ਤਾਂ ਉਸ ਦੇ ਚਾਚੇ ਬਲਜੀਤ ਸਿੰਘ ਨੇ 315 ਰਾਈਫਲ ਤੋਂ ਚਾਰ ਗੋਲੀਆਂ ਚਲਾਈਆਂ। ਫਾਇਰਿੰਗ ਦੀ ਆਵਾਜ਼ ਸੁਣ ਕੇ ਕਰਨ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਉਹ ਜ਼ਖਮੀ ਹੋਏ ਕਰਨ ਨੂੰ ਇਲਾਜ ਲਈ ਹਸਪਤਾਲ ਲੈ ਗਏ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਵਿਆਹ ਅਜੇ ਢਾਈ ਕੁ ਮਹੀਨੇ ਪਹਿਲਾਂ ਹੀ ਹੋਇਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।