ਇਹ ਖਬਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਤਿੱਬੜੀ ਕੈਂਟ ਵਿੱਚ ਫੌਜ ਦੀ ਭਰਤੀ ਵਿੱਚ ਸ਼ਾਮਲ ਦੋ ਨੌਜਵਾਨ 1600 ਮੀਟਰ ਦੀ ਦੌੜ ਦੌਰਾਨ ਬੇਹੋਸ਼ ਹੋ ਗਏ। ਇਨ੍ਹਾਂ ਵਿਚੋਂ ਇਕ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਸ਼ਨੀਵਾਰ ਸ਼ਾਮ ਨੂੰ ਭਰਤੀ ਰੈਲੀ ‘ਚ ਸ਼ਾਮਲ ਹੋਣ ਲਈ ਤਿੱਬੜੀ ਕੈਂਟ ਪਹੁੰਚੇ ਸਨ।
ਇੱਥੇ 1 ਸਤੰਬਰ ਤੋਂ ਫੌਜ ਦੀ ਭਰਤੀ ਰੈਲੀ ਚੱਲ ਰਹੀ ਹੈ। ਐਤਵਾਰ ਨੂੰ ਜ਼ਿਲ੍ਹਾ ਪਠਾਨਕੋਟ ਦੇ ਨੌਜਵਾਨਾਂ ਦੀ ਭਰਤੀ ਰੈਲੀ ਚੱਲ ਰਹੀ ਸੀ। ਮਿ੍ਤਕ ਨੌਜਵਾਨ ਦੀ ਪਹਿਚਾਣ ਅਸ਼ਵਨੀ ਕੁਮਾਰ ਉਮਰ 20 ਸਾਲ ਪੁੱਤਰ ਬਲਕਾਰ ਚੰਦ ਵਾਸੀ ਪਿੰਡ ਅਜਟਾਣਾ, ਥਾਣਾ ਰਤਨਗੜ੍ਹ, ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ, ਜਦਕਿ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖ਼ਲ ਨੌਜਵਾਨ ਦੀ ਪਹਿਚਾਣ ਰੋਹਿਤ ਪੁੱਤਰ ਜੰਗ ਬਹਾਦਰ ਵਜੋਂ ਹੋਈ ਹੈ, ਸਿਵਲ ਹਸਪਤਾਲ ਵਿਚ ਇਲਾਜ ਅਧੀਨ ਨੌਜਵਾਨ ਦੀ ਹਾਲਤ ਵਿੱਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਅਮਨਦੀਪ ਕੌਰ ਨੇ ਸਿਵਲ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਦੂਜੇ ਟਰੈਕ ‘ਤੇ ਦੌੜ ਰਿਹਾ ਰੋਹਿਤ ਵੀ ਬੇਹੋਸ਼ ਹੋ ਗਿਆ। ਫੌਜੀ ਅਧਿਕਾਰੀ ਉਸ ਨੂੰ ਜਾਂਚ ਲਈ ਆਪਣੇ ਨਾਲ ਲੈ ਗਏ। ਬਾਅਦ ਵਿੱਚ ਦੋਵਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੌਕੇ ‘ਤੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਅਸ਼ਵਨੀ ਨੂੰ ਮ੍ਰਿਤਕ ਐਲਾਨ ਦਿੱਤਾ। ਰੋਹਿਤ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਵਿਚ ਹੁਣ ਸੁਧਾਰ ਹੋ ਰਿਹਾ ਹੈ। ਮ੍ਰਿਤਕ ਅਸ਼ਵਨੀ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦੇ ਪਰਿਵਾਰ ਦਾ ਬੁਰਾ ਹਾਲ ਹੈ।