ਇਹ ਖਬਰ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ। ਇਥੇ ਪਵਿੱਤਰ ਕਾਲੀ ਬੇਈ ‘ਚ 3 ਦੋਸਤ ਨਹਾਉਣ ਗਏ ਸਨ ਪਾਣੀ ਦਾ ਬਹਾਅ ਤੇਜ਼ ਹੋਣ ਦੇ ਕਾਰਨ ਉਨ੍ਹਾਂ ‘ਚੋਂ ਇਕ ਨੌਜਵਾਨ ਦੀ ਡੁੱਬ ਕੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਸਾਥੀ ਹਰਸਿਮਰਨ ਸਿੰਘ ਸੋਢੀ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਅਮਰੀਕ ਨਗਰ ਸੈਦੋ ਭੁਲਾਣਾ ਆਰ.ਸੀ.ਐਫ ਅਤੇ ਕੁੰਦਨ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮਾਡਲ ਟਾਊਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਨ੍ਹਾਂ ਦਾ ਦੋਸਤ ਧੀਰਜ ਕੁਮਾਰ ਪੁੱਤਰ ਰਾਮ ਪ੍ਰਕਾਸ਼ ਕਿਸੇ ਕੰਮ ਲਈ ਆਰ.ਸੀ.ਐਫ ਤੋਂ ਸੁਲਤਾਨਪੁਰ ਲੋਧੀ ਆਇਆ ਸੀ।
ਜਿਸ ਦੌਰਾਨ ਧੀਰਜ ਪਹਿਲਾਂ ਆਪਣੇ ਦੋਸਤ ਕੁੰਦਨ ਕੁਮਾਰ ਦੇ ਘਰ ਗਿਆ, ਜਿਸ ਤੋਂ ਬਾਅਦ ਉਹ ਕਿਸੇ ਠੇਕੇਦਾਰ ਤੋਂ ਪੈਸੇ ਲੈਣ ਲਈ ਤਲਵੰਡੀ ਪੁਲ ਨੇੜੇ ਆਇਆ ਸੀ। ਉਸ ਤੋਂ ਬਾਅਦ ਧੀਰਜ ਕੁਮਾਰ ਨੇ ਕਿਹਾ ਕਿ ਆਓ ਸਾਰੇ ਪਵਿੱਤਰ ਕਾਲੀ ਬੇਈ ਵਿੱਚ ਇਸ਼ਨਾਨ ਕਰਦੇ ਹਾਂ। ਪਰ ਹਰਸਿਮਰਨ ਸਿੰਘ ਨੇ ਕਿਹਾ ਕਿ ਮੈਂ ਧੀਰਜ ਨੂੰ ਮਨ੍ਹਾਂ ਕਰ ਦਿੱਤਾ। ਪਰ ਜਦੋਂ ਉਹ ਨਾ ਮੰਨਿਆ ਤਾਂ ਅਸੀਂ ਸਾਰੇ ਫਿਰ ਗੁਰੂਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਨੇੜੇ ਪਵਿੱਤਰ ਕਾਲੀ ਬੇਈ ਵਿਚ ਇਸ਼ਨਾਨ ਕਰਨ ਲਈ ਆ ਗਏ। ਪਰ ਮੈਂ ਇਸ਼ਨਾਨ ਕਰਨ ਨਹੀਂ ਗਿਆ। ਜਦੋਂ ਧੀਰਜ ਅਤੇ ਕੁੰਦਨ ਨੇ ਇਸ਼ਨਾਨ ਲਈ ਪਵਿੱਤਰ ਬੇਈ ਵਿੱਚ ਡੁਬਕੀ ਲਗਾਈ ਤਾਂ ਕੁੰਦਨ ਇਸ਼ਨਾਨ ਕਰਕੇ ਪਵਿੱਤਰ ਬੇਈ ਵਿੱਚੋਂ ਬਾਹਰ ਆ ਗਿਆ। ਜਦੋਂ ਕਿ ਧੀਰਜ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਧੀਰਜ ਪੁੱਤਰ ਰਾਮ ਪ੍ਰਕਾਸ਼ ਰਹੱਸਮਈ ਢੰਗ ਨਾਲ ਪਾਣੀ ‘ਚ ਡੁੱਬ ਗਿਆ।
ਇਸ ਬਾਰੇ ਪਤਾ ਲੱਗਣ ‘ਤੇ ਉਨ੍ਹਾਂ ਨੇ ਆਲੇ-ਦੁਆਲੇ ਰੌਲਾ ਪਾ ਦਿੱਤਾ ਤਾਂ ਮੌਕੇ ‘ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸਬ-ਇੰਸਪੈਕਟਰ ਜਸਪਾਲ ਸਿੰਘ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ। ਗੋਤਾਖੋਰਾਂ ਦੀ ਤਿੰਨ ਘੰਟੇ ਤੋਂ ਵੱਧ ਕੋਸ਼ਿਸ਼ ਤੋਂ ਬਾਅਦ ਵੀ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਪੁਲਿਸ ਵੱਲੋਂ ਐਸਟੀਆਰਐਫ ਟੀਮ ਨੂੰ ਬੁਲਾਇਆ ਜਾ ਰਿਹਾ ਹੈ। ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਅਜੇ ਵੀ ਨੌਜਵਾਨ ਦੀ ਲਾਸ਼ ਨੂੰ ਲੱਭਣ ਵਿੱਚ ਲੱਗੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।