ਪੰਜਾਬ ਵਿਚ ਮੁਕਤਸਰ ਸਾਹਿਬ ਮਲੋਟ ਦੇ ਪਿੰਡ ਔਲਖ ‘ਚ ਵੀਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਕਤਲ ਕੇਸ ਵਿੱਚ ਜ਼ਮਾਨਤ ’ਤੇ ਬਾਹਰ ਆਏ ਪਿੰਡ ਦੇ ਹੀ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਕਮਰੇ ‘ਚ ਬੰਦ ਕਰਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੰਭੀਰ ਜ਼ਖ਼ਮੀਆਂ ਵਿੱਚੋਂ ਇੱਕ ਔਰਤ ਨੇ ਦਮ ਤੋੜ ਦਿੱਤਾ ਹੈ। ਪਰਿਵਾਰਕ ਮੈਂਬਰਾਂ ‘ਤੇ ਹਮਲਾ ਕਰਕੇ ਖੁਦਕੁਸ਼ੀ ਕਰਨ ਵਾਲਾ ਮ੍ਰਿਤਕ ਵਿਅਕਤੀ ਪਰਿਵਾਰਕ ਝਗੜੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ, ਜਿਸ ਦਾ ਇਲਾਜ ਵੀ ਚੱਲ ਰਿਹਾ ਸੀ। ਇਸ ਮਾਮਲੇ ਦੀ ਥਾਣਾ ਸਦਰ ਪੁਲਿਸ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮਲੋਟ ਦੇ ਪਿੰਡ ਔਲਖ ‘ਚ ਵੀਰਵਾਰ ਸਵੇਰੇ ਕਰੀਬ 6 ਵਜੇ 35 ਸਾਲਾ ਅਮਰਿੰਦਰ ਸਿੰਘ ਉਰਫ ਅਮਨਾ ਪੁੱਤਰ ਗੁਰਦਿੱਤ ਸਿੰਘ ਨੇ ਪਰਿਵਾਰਕ ਕਲੇਸ਼ ਦੇ ਚਲਦੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਤੇ ਜਾਨਲੇਵਾ ਹਮਲਾ ਕਰਕੇ ਖੁਦ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਮਰਿੰਦਰ ਸਿੰਘ ਕੁਝ ਸਮਾਂ ਪਹਿਲਾਂ ਇੱਕ ਕਤਲ ਕੇਸ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਸੀ ਅਤੇ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸੀ।
ਬੁੱਧਵਾਰ ਨੂੰ ਉਸ ਦੀ ਭੈਣ ਛਿੰਦਰ ਕੌਰ, ਪਤਨੀ ਸੰਦੀਪ ਸਿੰਘ, ਭੂਆ ਦਾ ਲੜਕਾ ਗੁਰਧਿਆਨ ਸਿੰਘ, ਪੁੱਤਰ ਸੁਖਚੈਨ ਸਿੰਘ ਅਤੇ ਗੁਰਧਿਆਨ ਦੀ ਪਤਨੀ ਸਰਬਜੋਤ ਕੌਰ ਵੀ ਉਸ ਨੂੰ ਕਲੇਸ਼ ਨਾ ਕਰਨ ਲਈ ਸਮਝਾਉਣ ਆਏ ਸਨ। ਵੀਰਵਾਰ ਸਵੇਰੇ ਅਮਰਿੰਦਰ ਸਿੰਘ ਨੇ ਉੱਠਦੇ ਹੀ ਆਪਣੀ ਮਾਂ ਜਸਵੀਰ ਕੌਰ, ਭੈਣ ਛਿੰਦਰ ਕੌਰ, ਭੂਆ ਦੇ ਲੜਕੇ ਗੁਰਧਿਆਨ ਅਤੇ ਉਸਦੀ ਪਤਨੀ ਸਰਬਜੋਤ ਕੌਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਸਾਰੇ ਗੰਭੀਰ ਜ਼ਖਮੀ ਹੋ ਗਏ। ਚਾਰੇ ਮੈਬਰਾਂ ਨੂੰ ਜ਼ਖ਼ਮੀ ਹਾਲਤ ਵਿਚ ਛੱਡ ਕੇ ਅਮਰਿੰਦਰ ਨੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਅਤੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਇਸ ਪੂਰੀ ਘਟਨਾ ਦੌਰਾਨ ਅਮਰਿੰਦਰ ਦੇ ਪਿਤਾ ਗੁਰਦਿੱਤ ਸਿੰਘ ਬਾਥਰੂਮ ਵਿੱਚ ਇਸ਼ਨਾਨ ਕਰ ਰਹੇ ਸਨ। ਜਦਕਿ ਅਮਰਿੰਦਰ ਸਿੰਘ ਦੀ ਪਤਨੀ ਪਸ਼ੂਆਂ ਦਾ ਦੁੱਧ ਚੋ ਰਹੀ ਸੀ। ਰੌਲਾ ਸੁਣ ਕੇ ਉਹ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਪਹਿਲਾਂ ਮਲੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਸਰਬਜੋਤ ਕੌਰ ਦੀ ਰਸਤੇ ਵਿੱਚ ਹੀ ਮੌਤ ਹੋ ਗਈ।