ਪੰਜਾਬ ਵਿਚ ਖੰਨਾ ਦੇ ਪਿੰਡ ਰੋਹਣੋਂ ਖੁਰਦ ‘ਚ ਕਿਸਾਨ ਸੱਜਣ ਸਿੰਘ ਦੇ ਘਰ ਚੋਂ 4 ਸਤੰਬਰ ਦੀ ਸਵੇਰ ਨੂੰ ਹੋਈ 25 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕੁੱਲ 9 ਕਥਿਤ ਦੋਸ਼ੀ ਸ਼ਾਮਲ ਸਨ। ਇਨ੍ਹਾਂ ‘ਚੋਂ 5 ਦੋਸ਼ੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਦੱਸ ਕੇ ਇਨੋਵਾ ਕਾਰ ‘ਚ ਕਿਸਾਨ ਦੇ ਘਰ ਗਏ ਸਨ, ਜਦਕਿ 4 ਹੋਰ ਕਥਿਤ ਦੋਸ਼ੀ ਵੀ ਇਸ ਸਾਜ਼ਿਸ਼ ‘ਚ ਸ਼ਾਮਲ ਸਨ। ਫਿਲਹਾਲ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 1 ਹੋਰ ਕਥਿਤ ਦੋਸ਼ੀ ਬਿਹਾਰ ਤੋਂ ਲਿਆਂਦਾ ਜਾ ਰਿਹਾ ਹੈ, 4 ਦੋਸ਼ੀ ਅਜੇ ਫਰਾਰ ਹਨ। ਕਿਸਾਨ ਦੇ ਘਰੋਂ ਲੁੱਟੀ ਗਈ ਨਕਦੀ ‘ਚੋਂ 11 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਕਥਿਤ ਦੋਸ਼ੀਆਂ ਕੋਲੋਂ ਬਰਾਮਦ ਹੋਈਆਂ ਤਿੰਨ ਕਾਰਾਂ ‘ਚੋਂ ਇਕ ‘ਤੇ ਇਕ ਮਸ਼ਹੂਰ ਵੈੱਬ ਚੈਨਲ ਦਾ ਸਟਿੱਕਰ ਲੱਗਾ ਹੋਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਨਕਲੀ ਸੀ।
ਖੰਨਾ ਦੇ ਐਸ.ਐਸ.ਪੀ. ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਐੱਸ. ਪੀ.(ਆਈ) ਡਾ.ਪ੍ਰਗਿਆ ਜੈਨ, ਡੀ.ਐਸ.ਪੀ. (i) ਮਨਜੀਤ ਸਿੰਘ, ਡੀ.ਐਸ.ਪੀ. ਵਿਲੀਅਮ ਜੈਜ਼ੀ ਅਤੇ ਸਦਰ ਥਾਣਾ ਮੁਖੀ ਨਛੱਤਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸੱਜਣ ਸਿੰਘ ਨੇ ਆਪਣੇ ਜਾਣਕਾਰ ਗੁਰਚਰਨ ਸਿੰਘ ਉਰਫ਼ ਗੁਰਚੰਦ ਉਰਫ਼ ਚੰਦ ਵਾਸੀ ਪਮਾਲੀ (ਲੁਧਿਆਣਾ) ਨੂੰ ਉਸ ਦੀ ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ਲਈ ਰੱਖੇ ਪੈਸਿਆਂ ਬਾਰੇ ਦੱਸਿਆ ਸੀ, ਜਿਸ ਨੇ ਘਰ ਦਾ ਭੇਤ ਪਤਾ ਲੱਗਣ ‘ਤੇ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਉਰਫ ਪੀਤਾ ਵਾਸੀ ਰਾੜਾ ਸਾਹਿਬ, ਸੁਖਵਿੰਦਰ ਸਿੰਘ ਉਰਫ਼ ਮਾਨ ਸਾਹਬ, ਮੁਹੰਮਦ ਹਲੀਮ ਉਰਫ਼ ਡਾ. ਖਾਨ, ਹਰਪ੍ਰੀਤ ਸਿੰਘ ਉਰਫ ਗਿੱਲ, ਪਰਮਦੀਪ ਸਿੰਘ ਉਰਫ ਵਿੱਕੀ, ਰਜਨੀਸ਼ ਕੁਮਾਰ ਅਤੇ ਦਲਜੀਤ ਸਿੰਘ ਵਾਸੀ ਰਣੀਆਂ ਨੇ ਮਿਲ ਕੇ ਲੁੱਟ ਦੀ ਯੋਜਨਾ ਬਣਾਈ।
ਇੱਕ ਹਫ਼ਤਾ ਪਹਿਲਾਂ ਵੀ ਵੇਰੀਟੋ ਕਾਰ ਵਿੱਚ ਘਰ ਦੀ ਰੈਕੀ ਕੀਤੀ ਗਈ ਸੀ। ਇਸ ਤੋਂ ਬਾਅਦ 4 ਸਤੰਬਰ ਨੂੰ ਮੁਹੰਮਦ ਹਲੀਮ, ਦਲਜੀਤ ਸਿੰਘ, ਪਰਮਦੀਪ ਸਿੰਘ ਵਿੱਕੀ, ਰਜਨੀਸ਼ ਕੁਮਾਰ ਅਤੇ ਰਾਜੀਵ ਕੁਮਾਰ ਸੁੱਖਾ ਜੋ ਕਿ ਰਜਨੀਸ਼ ਦਾ ਨੌਕਰ ਹੈ, ਇਹ ਤਿੰਨੋਂ ਜਾਅਲੀ ਸ਼ਨਾਖਤੀ ਕਾਰਡਾਂ ਨਾਲ ਹਥਿਆਰ ਲੈ ਕੇ ਪਰਮਦੀਪ ਸਿੰਘ ਦੀ ਇਨੋਵਾ ਕਾਰ ‘ਚ ਸਵਾਰ ਹੋ ਕੇ ਰੋਹਨ ਖੁਰਦ ਸੱਜਣ ਸਿੰਘ ਦੇ ਘਰ ਪਹੁੰਚੇ ਸਨ।
ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਕੁੱਲ 9 ਦੋਸ਼ੀ ਸ਼ਾਮਲ ਸਨ। ਇਨ੍ਹਾਂ ਵਿੱਚੋਂ 5 ਮੁਲਜ਼ਮ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਵਜੋਂ ਕਿਸਾਨ ਦੇ ਘਰ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਆਏ ਜਦੋਂਕਿ 4 ਹੋਰ ਕਥਿਤ ਦੋਸ਼ੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਰਜਨੀਸ਼ ਕੁਮਾਰ ਉਰਫ ਸੋਨੂੰ, ਪਰਮਦੀਪ ਸਿੰਘ ਉਰਫ ਵਿੱਕੀ ਅਤੇ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਉਰਫ ਚੰਦ ਖਿਲਾਫ ਹੇਰਾਫੇਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਫਿਲਮ ਸਪੈਸ਼ਲ-26 ਦੀ ਨਕਲ ਕਰਦੇ ਹੋਏ ਲੁਟੇਰਿਆਂ ਨੇ ਘਰ ‘ਚ ਛਾਪੇਮਾਰੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਦਕਿ ਲੁਟੇਰੇ ਖੰਨਾ ਤੋਂ ਫਰਜ਼ੀ ਇਨਕਮ ਟੈਕਸ ਅਫਸਰ ਬਣ ਕੇ 25 ਲੱਖ ਲੁੱਟ ਕੇ ਫਰਾਰ ਹੋ ਗਏ ਸਨ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਸੱਜਣ ਸਿੰਘ ਵਾਸੀ ਪਿੰਡ ਰੋਹਣ ਖੁਰਦ ਨਾਲ ਵਾਪਰੀ ਸੀ, ਜਿੱਥੇ ਵਪਾਰੀ ਦੇ ਘਰੋਂ ਬੰਦੂਕ ਦੀ ਨੋਕ ‘ਤੇ 25 ਲੱਖ ਰੁਪਏ ਲੁੱਟ ਲਏ ਸਨ। ਇਸ ਦੀ ਪੁਸ਼ਟੀ ਐੱਸ.ਐੱਸ.ਪੀ. ਖੰਨਾ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਵੱਲੋਂ ਦਿੱਤੀ ਗਈ। ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਸੀ।