ਪੰਜਾਬ ਵਿਚ ਨਵਾਂਸ਼ਹਿਰ ਦੇ ਬੰਗਾ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਪੈਂਦੇ ਸ਼ਹਿਰ ਬਹਿਰਾਮ ਵਿਖੇ ਇਕ ਦਿਲ ਨੂੰ ਦਹਿਲਾ ਦੇਣ ਵਾਲੇ ਸੜਕ ਹਾਦਸੇ ਦੀ ਖ਼ਬਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿੱਚ ਦੋ ਵੱਖ-ਵੱਖ ਕਾਰਾਂ ਵਿੱਚ ਸਵਾਰ 6 ਵਿਅਕਤੀਆਂ ਦੇ ਵਿੱਚੋਂ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਹੈ।
ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇੱਕ 18 ਟਾਇਰ ਟਰਾਲਾ ਨੰਬਰ, ਪੀ.ਬੀ. 02 ਡੀ.ਵਾਈ. 8200, ਜਿਸ ਨੂੰ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੰਮਦ ਸ਼ਾਹ ਵਾਲਾ (ਪੱਲੂਵਾਲ) ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਚਲਾ ਰਿਹਾ ਸੀ, ਜੋ ਕਿ ਮਿੱਟੀ-ਪੱਥਰਾਂ ਆਦਿ ਦੇ ਨਾਲ ਭਰਿਆ ਹੋਇਆ ਸੀ। ਇਹ ਟਰਾਲੀ ਬੰਗਾ ਸਾਈਡ ਤੋਂ ਜਾ ਰਹੀ ਸੀ ਅਤੇ ਜਿਵੇਂ ਹੀ ਇਹ ਮਾਹਿਲਪੁਰ ਬਹਿਰਾਮ ਟੀ-ਪੁਆਇੰਟ ‘ਤੇ ਪਹੁੰਚਿਆ ਤਾਂ ਇਸ ਦੇ ਡਰਾਈਵਰ ਨੇ ਇਕਦਮ ਟਰਾਲੇ ਨੂੰ ਮਾਹਿਲਪੁਰ ਸਾਈਡ ਵੱਲ ਮੋੜ ਲਿਆ।
ਇਸ ਦੌਰਾਨ ਫਗਵਾੜਾ ਸਾਈਡ ਤੋਂ ਆ ਰਹੀਆਂ ਦੋ ਕਾਰਾਂ, ਜਿਨ੍ਹਾਂ ‘ਚੋਂ ਇੱਕ ਕਾਰ ਨੰ: ਪੀ.ਬੀ. 06 ਏ.ਬੀ. 1297 ਹੈ ਜਿਸ ਵਿੱਚ ਇੱਕ ਹੀ ਪਰਿਵਾਰ ਦੇ 3 ਮੈਂਬਰ, ਪਤੀ-ਪਤਨੀ ਅਤੇ ਉਨ੍ਹਾਂ ਦਾ ਬੇਟਾ ਸਵਾਰ ਸਨ, ਟਰਾਲਾ ਉਨ੍ਹਾਂ ਉਤੇ ਪਲਟ ਗਿਆ। ਇਸ ਦਰਦਨਾਕ ਸੜਕ ਹਾਦਸੇ ‘ਚ ਉਕਤ ਕਾਰ ‘ਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਦੂਸਰੀ ਕਾਰ ਪੀ.ਬੀ. 10 ਈ.ਡੀ. 6500 ਵੀ ਉਕਤ ਟਰਾਲੇ ਨਾਲ ਟਕਰਾ ਗਈ ਪਰ ਉਕਤ ਕਾਰ ‘ਚ ਸਵਾਰ 3 ਵਿਅਕਤੀ ਜਿਨ੍ਹਾਂ ‘ਚ ਮਨਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੱਦੀ ਮੱਟ ਵਾਲੀ ਅਤੇ ਉਸ ਦੇ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਕੌਰ ਅਤੇ ਉਸ ਦਾ ਪੁੱਤਰ ਪਰਮਜੀਤ ਸਿੰਘ ਜਖਮੀ ਹੋ ਗਏ।
ਇਹ ਹਾਦਸਾ ਇੰਨਾ ਭਿਆਨਕ ਅਤੇ ਦਰਦਨਾਕ ਸੀ ਕਿ ਟਰਾਲੇ ਦੇ ਹੇਠਾਂ ਫਸੀ ਕਾਰ ਨੂੰ 2 ਘੰਟੇ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਥਾਣਾ ਬਹਿਰਾਮ ਦੇ ਐਸ.ਐਚ.ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਲਾਸ਼ਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ।