ਦਰਦ ਹੋਣ ਤੇ ਨਿਜੀ ਹਸਪਤਾਲ ‘ਚ ਦਾਖਲ ਕਰਵਾਏ ਨੌਜਵਾਨ ਦੀ, ਹੋਈ ਮੌਤ ਪਰਿਵਾਰ ਵਲੋਂ ਡਾਕਟਰ ਤੇ ਇਹ ਗੰਭੀਰ ਇਲਜ਼ਾਮ

Punjab

ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਸਰਹੱਦੀ ਕਸਬੇ ‘ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਇਕ ਨੌਜਵਾਨ ਦੀ ਨਿੱਜੀ ਹਸਪਤਾਲ ਵਿਚ ਦਾਖਲ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਡਾਕਟਰ ਉਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਰੋਹ ‘ਚ ਆਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ‘ਚ ਆਏ ਈਸਾਈ ਭਾਈਚਾਰੇ ਦੇ ਲੋਕਾਂ ਨੇ ਬੱਸ ਸਟੈਂਡ ਦੇ ਸਾਹਮਣੇ ਨੈਸ਼ਨਲ ਹਾਈਵੇ ‘ਤੇ ਕਰੀਬ 5 ਘੰਟੇ ਚੱਕਾ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ।

ਇਸ ਘਟਨਾ ਦਾ ਪਤਾ ਚੱਲਦੇ ਹੀ ਡੀਐਸਪੀ ਗੁਰਦਾਸਪੁਰ ਡਾ.ਰਿਪੁਤਪਨ ਸਿੰਘ, ਡੀ.ਐਸ.ਪੀ. ਗੁਰਵਿੰਦਰ ਸਿੰਘ, ਐੱਸ.ਐੱਚ.ਓ. ਮਨਜੀਤ ਸਿੰਘ ਨੇ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ‘ਚ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਬੜੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ।

ਮ੍ਰਿਤਕ ਅਕਾਸ਼ ਭੱਟੀ ਉਮਰ 22 ਸਾਲ ਵਾਸੀ ਭੋਪਰ ਸੈਦਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਅਕਾਸ਼ ਭੱਟੀ ਵਾਸੀ ਨੂੰ ਪੇਟ ਵਿਚ ਖਰਾਬੀ ਹੋਣ ਕਾਰਨ ਕਲਾਨੌਰ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਕੁਝ ਸਮੇਂ ਬਾਅਦ ਉਸ ਦੀ ਹਾਲਤ ‘ਚ ਸੁਧਾਰ ਹੋ ਗਿਆ ਸੀ ਪਰ ਡਾਕਟਰ ਵੱਲੋਂ ਲਗਾਏ ਗਏ ਟੀਕੇ ਦੌਰਾਨ ਰਾਤ ਸਮੇਂ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਡਾਕਟਰ ਦੀ ਲਾਪਰਵਾਹੀ ਅਤੇ ਗਲਤ ਤਰੀਕੇ ਨਾਲ ਲਗਾਏ ਗਏ ਟੀਕੇ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉੱਚ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਲਾਪ੍ਰਵਾਹੀ ਅਤੇ ਗਲਤ ਟੀਕਾਕਰਨ ਦੇ ਦੋਸ਼ ਬੇਬੁਨਿਆਦ:- ਡਾਕਟਰ 

ਇਸ ਮਾਮਲੇ ਸਬੰਧੀ ਹਸਪਤਾਲ ਦੇ ਡਾ: ਅਮਰਬੀਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਬੀਤੀ ਸ਼ਾਮ ਅਕਾਸ਼ ਭੱਟੀ ਜਿਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ, ਉਸ ਦੇ ਰਿਸ਼ਤੇਦਾਰ ਉਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਆਪਣੇ ਹਸਪਤਾਲ ਲੈ ਕੇ ਆਏ ਸਨ ਅਤੇ ਇਲਾਜ ਦੌਰਾਨ ਉਸ ਦੀ ਹਾਲਤ ਠੀਕ ਹੋ ਰਹੀ ਸੀ ਕਿ ਅਚਾਨਕ ਉਸ ਨੂੰ ਜ਼ਬਰਦਸਤ ਦੌਰਾ ਪੈ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਲਾਪ੍ਰਵਾਹੀ ਅਤੇ ਗਲਤ ਟੀਕਾਕਰਨ ਦੇ ਲਾਏ ਗਏ ਦੋਸ਼ ਬੇਬੁਨਿਆਦ ਅਤੇ ਝੂਠੇ ਹਨ।

ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਹੋਵੇਗੀ ਕਾਰਵਾਈ

ਡੀ.ਐਸ.ਪੀ. ਗੁਰਦਾਸਪੁਰ ਡਾ.ਰਿਪੁਤਪਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਲਈ ਸੀ.ਐਚ.ਸੀ. ਕਲਾਨੌਰ ਦੇ ਐਸ.ਐਮ.ਓ ਡਾ: ਲਖਵਿੰਦਰ ਸਿੰਘ ਸਮੇਤ ਇਕ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *